ਨਵੀਂ ਦਿੱਲੀ (ਪੀਟੀਆਈ) : ਦੇਸ਼ ਦੀ ਸਭ ਤੋਂ ਮਹਿੰਗੀ ਕੰਪਨੀ ਰਿਲਾਇੰਸ ਇੰਡਸਟਰੀਜ਼ ਲਿਮਟਿਡ (ਆਰਆਈਐੱਲ) ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਮੋਬਾਈਲ ਟੈਲੀਫੋਨੀ ਯੁੱਗ ਦੇ 25 ਵਰ੍ਹੇ ਹੋਣ 'ਤੇ ਹੁਣ 2ਜੀ ਨੂੰ ਇਤਿਹਾਸ ਦਾ ਹਿੱਸਾ ਬਣਾਉਣ ਦੀ ਵਕਾਲਤ ਕੀਤੀ ਹੈ। ਸ਼ੁੱਕਰਵਾਰ ਨੂੰ ਮੋਬਾਈਲ ਟੈਲੀਫੋਨੀ ਸਹੂਲਤ ਦੀ ਸਿਲਵਰ ਜੁਬਲੀ ਮੌਕੇ ਅੰਬਾਨੀ ਨੇ ਕਿਹਾ ਕਿ ਇਕ ਪਾਸੇ ਭਾਰਤ ਤੇ ਪੂਰੀ ਦੁਨੀਆ ਦੀ ਵੱਡੀ ਆਬਾਦੀ 5ਜੀ ਦੇ ਮੁਹਾਨੇ 'ਤੇ ਖੜ੍ਹੀ ਹੈ। ਦੂਜੇ ਪਾਸੇ ਦੇਸ਼ ਦੀ 30 ਕਰੋੜ ਅਬਾਦੀ ਹਾਲੇ ਵੀ 2ਜੀ ਸੇਵਾਵਾਂ ਦੀ ਵਰਤੋਂ ਕਰ ਰਹੀ ਹੈ ਤੇ ਉਸ ਦੀ ਪਹੁੰਚ ਬੁਨਿਆਦੀ ਇੰਟਰਨੈੱਟ ਸੇਵਾਵਾਂ ਤਕ ਵੀ ਨਹੀਂ ਹੈ।

ਅੰਬਾਨੀ ਨੇ ਕਿਹਾ, 'ਮੈਂ ਖਾਸ ਤੌਰ 'ਤੇ ਇਸ ਸੱਚ ਵੱਲ ਇਸ਼ਾਰਾ ਕਰਨਾ ਚਾਹਾਂਗਾ ਕਿ ਦੇਸ਼ 'ਚ 30 ਕਰੋੜ ਲੋਕ ਹਾਲੇ ਵੀ 2ਜੀ ਤਕ ਸਿਮਟੇ ਹੋਏ ਹਨ, ਉਨ੍ਹਾਂ ਦੇ ਫੀਚਰ ਫੋਨ 'ਚ ਇੰਟਰਨੈੱਟ ਦੀਆਂ ਬੁਨਿਆਦੀ ਸਹੂਲਤਾਂ ਵੀ ਨਹੀਂ ਹੈ। ਉਹ ਵੀ ਅਜਿਹੇ ਵਕਤ 'ਚ, ਜਦ ਭਾਰਤ ਤੇ ਦੁਨੀਆ ਦੇ ਹੋਰ ਦੇਸ਼ 5ਜੀ ਯੁੱਗ 'ਚ ਪ੍ਰਵੇਸ਼ ਲਈ ਤਿਆਰ ਹਨ। ਮੈਨੂੰ ਲੱਗਦਾ ਹੈ ਕਿ 2ਜੀ ਨੂੰ ਵਿਦਾਇਗੀ ਦੇਣ ਤੇ ਇਤਿਹਾਸ ਦਾ ਹਿੱਸਾ ਬਣਾਉਣ ਲਈ ਬੇਹੱਦ ਤੇਜ਼ੀ ਨਾਲ ਨੀਤੀਗਤ ਕਦਮ ਉਠਾਏ ਜਾਣ ਦੀ ਜ਼ਰੂਰਤ ਹੈ।' ਅੰਬਾਨੀ ਨੇ ਕੁਝ ਸਮੇਂ ਪਹਿਲਾਂ ਐਲਾਨ ਕੀਤਾ ਸੀ ਕਿ ਆਰਆਈਐੱਲ ਦੀ ਟੈਲੀਕਾਮ ਸ਼ਾਖਾ ਰਿਲਾਇੰਸ ਜਿਓ ਭਾਰਤ ਨੂੰ 2ਜੀ ਮੁਕਤ ਕਰਨ ਲਈ ਕਿਫਾਇਤੀ ਸਮਾਰਟਫੋਨ ਦਾ ਨਿਰਮਾਣ ਕਰੇਗੀ।

ਅੰਬਾਨੀ ਦਾ ਕਹਿਣਾ ਹੈ ਕਿ ਸਾਲ 1995 'ਚ ਭਾਰਤ ਨੇ ਮੋਬਾਈਲ ਸੇਵਾ ਦੀ ਸ਼ੁਰੂਆਤ ਕਰ ਕੇ ਸੁਨਹਿਰੇ ਭਵਿੱਖ 'ਚ ਕਦਮ ਰੱਖਿਆ ਸੀ। ਉਸ ਨੇ ਪਹਿਲਾਂ ਤਾਰ ਵਾਲੇ ਟੈਲੀਫੋਨ ਨੇ ਸੰਚਾਰ ਦੀ ਦੁਨੀਆ 'ਚ ਇਕ ਤਰ੍ਹਾਂ ਨਾਲ ਕਲਪਨਾ ਨੂੰ ਜਿਊਂਦਾ ਕਰ ਦਿੱਤਾ ਸੀ ਪਰ ਉਹ ਸੰਚਾਰ ਦੀ ਅਧੂਰੀ ਆਜ਼ਾਦੀ ਸੀ। ਇਸ ਦੀ ਵਜ੍ਹਾ ਇਹ ਸੀ ਕਿ ਲੋਕ ਕਿਤੇ ਵੀ ਤੇ ਕਿਤੀਓਂ ਵੀ ਸੰਵਾਦ ਨਹੀਂ ਕਰ ਸਕਦੇ ਸਨ। ਸੰਵਾਦ ਲਈ ਉਨ੍ਹਾਂ ਨੂੰ ਫੋਨ ਨੇੜੇ ਰਹਿਣਾ ਪੈਂਦਾ ਸੀ ਪਰ ਹੁਣ ਅਸੀਂ ਉਸ ਦੌਰ 'ਚ ਹਾਂ ਜਦੋਂ ਕਿਫਾਇਤੀ ਮੋਬਾਈਲ ਸੇਵਾ ਸਭ ਦੀ ਪਹੁੰਚ 'ਚ ਹੈ ਤੇ ਲੋਕ ਬਿਨਾਂ ਰੁਕੇ ਕਿੰਨੇ ਵੀ ਲੰਬੀ ਗੱਲਬਾਤ ਮੁਫ਼ਤ 'ਚ ਕਰ ਸਕਦੇ ਹਨ। ਹੁਣ ਲੋਕ ਮੋਬਾਈਲ ਫੋਨ 'ਤੇ ਜਾਣਕਾਰੀ ਸਾਂਝੀ ਕਰਦੇ ਹਨ ਤੇ ਦੇਸ਼-ਵਿਦੇਸ਼ ਦੀਆਂ ਖ਼ਬਰਾਂ ਰਾਹੀਂ ਖੁਦ ਨੂੰ ਅਪਡੇਟ ਰੱਖਦੇ ਹਨ। ਕੋਰੋਨਾ ਸੰਕਟ ਦਾ ਇਹ ਦੌਰ ਸਭ ਤੋਂ ਚੰਗੀ ਉਦਾਹਰਨ ਹੈ ਤੇ ਮੋਬਾਈਲ ਫੋਨ ਲੋਕਾਂ ਨੂੰ ਕਿਸ ਤਰ੍ਹਾਂ ਜਾਗਰੂਕ ਕਰ ਰਿਹਾ ਹੈ ਤੇ ਜ਼ਰੂਰੀ ਸੂਚਨਾਵਾਂ ਉਨ੍ਹਾਂ ਤਕ ਪਹੁੰਚਾ ਰਿਹਾ ਹੈ। ਅਜਿਹੇ 'ਚ ਜ਼ਰੂਰੀ ਹੈ ਕਿ ਜੋ ਹੁਣ ਤਕ 2ਜੀ ਤਕ ਹੀ ਸਿਮਟੇ ਹਨ, ਉਨ੍ਹਾਂ ਨੂੰ ਉਪਰ ਉਠਾਇਆ ਜਾਵੇ।

ਕਾਬਿਲੇਗ਼ੌਰ ਹੈ ਕਿ ਕਰੀਬ ਚਾਰ ਸਾਲ ਪਹਿਲਾਂ ਆਰਆਈਐੱਲ ਨੇ ਰਿਲਾਇੰਸ ਜਿਓ ਤਹਿਤ ਆਪਣੀ 4ਜੀ ਸੇਵਾ ਦਾ ਆਗਾਜ਼ ਕੀਤਾ ਸੀ ਤੇ ਉਸ ਨੇ ਘਰੇਲੂ ਮੋਬਾਈਲ ਟੈਲੀਫੋਨੀ ਕਾਰੋਬਾਰ ਨੂੰ ਕਰੀਬ-ਕਰੀਬ ਬਦਲ ਕੇ ਰੱਖ ਦਿੱਤਾ। ਉਸ ਦੀ ਜਿਓ ਤੋਂ ਜਿਓ ਮੁਫਤ ਕਾਲ ਤੇ ਫੌਰੀ ਬਾਜ਼ਾਰ ਮੁੱਲ ਦੇ ਮੁਕਾਬਲੇ ਬੇਹੱਦ ਘੱਟ ਫੀਸ 'ਤੇ ਅਸੀਮਤ ਡਾਟਾ ਸੇਵਾ ਨੇ ਕਈ ਕੰਪਨੀਆਂ ਨੂੰ ਆਪਣੀ ਰਣਨੀਤੀ ਬਦਲਣ ਤੇ ਕਈਆਂ ਨੂੰ ਕਾਰੋਬਾਰ ਸਮੇਟਣ ਲਈ ਮਜਬੂਰ ਕਰ ਦਿੱਤਾ। ਹਾਲਾਂਕਿ ਇਸ ਨਾਲ ਗਾਹਕਾਂ ਨੂੰ ਕਾਫੀ ਫਾਇਦਾ ਹੋਇਆ, ਕਿਉਂਕਿ ਰਿਲਾਇੰਸ ਜਿਓ ਦੇ ਆਉਣ ਨਾਲ ਭਾਰਤ 'ਚ ਕਾਲ ਤੇ ਡਾਟਾ ਸੇਵਾਵਾਂ ਦੀ ਫੀਸ ਪੂਰੀ ਦੁਨੀਆ 'ਚ ਸਭ ਤੋਂ ਘੱਟ ਹੋ ਗਈ।