ਜੇਐੱਨਐੱਨ, ਨਵੀਂ ਦਿੱਲੀ : ਰਸੋਈ ਦਾ ਬਜਟ ਅੱਜ ਤੋਂ ਵਧਣ ਵਾਲਾ ਹੈ ਕਿਉਂਕਿ ਬਿਨਾਂ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਵਾਧਾ ਹੋ ਗਿਆ ਹੈ। ਬਿਨਾਂ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ 'ਚ ਅੱਜ ਬੁੱਧਵਾਰ 12 ਫਰਵਰੀ ਤੋਂ ਕਰੀਬ 150 ਰੁਪਏ ਦਾ ਇਜ਼ਾਫ਼ਾ ਹੋਇਆ ਹੈ। ਦੇਸ਼ ਦੇ ਵੱਡੇ ਮਹਾਨਗਰਾਂ ਦੀ ਗੱਲ ਕਰੀਏ ਤਾਂ ਇੰਡੀਅਨ ਆਇਲ ਦੀ ਵੈੱਬਸਾਈਟ ਅਨੁਸਾਰ, ਦਿੱਲੀ 'ਚ 14 ਕਿੱਲੋ ਦੇ ਇੰਡੇਨ ਗੈਸ ਸਿਲੰਡਰ ਦੀ ਕੀਮਤ 144.50 ਰੁਪਏ ਦੀ ਤੇਜ਼ੀ ਨਾਲ 858.50 ਰੁਪਏ ਹੋ ਗਈ ਹੈ।

ਕੋਲਕਾਤਾ 'ਚ ਇਸ ਦੀ ਕੀਮਤ 'ਚ 149 ਰੁਪਏ ਦੀ ਤੇਜ਼ੀ ਆਈ ਹੈ ਜਿਸ ਨਾਲ ਇਹ 896 ਰੁਪਏ ਦਾ ਹੋ ਗਿਆ ਹੈ। ਮੁੰਬਈ ਦੀ ਗੱਲ ਕਰੀਏ ਤਾਂ ਇੱਥੇ LPG ਗੈਸ ਸਿਲੰਡਰ ਹੁਣ 145 ਰੁਪਏ ਦੀ ਤੇਜ਼ੀ ਨਾਲ 829.50 ਰੁਪਏ 'ਚ ਮਿਲੇਗਾ। ਉੱਥੇ ਹੀ ਚੇਨਈ ਵਾਲਿਆਂ ਨੂੰ ਹੁਣ ਬਿਨਾਂ ਸਬਸਿਡੀ ਵਾਲੇ ਐੱਲਪੀਜੀ ਗੈਸ ਸਿਲੰਡਰ ਲਈ 147 ਰੁਪਏ ਜ਼ਿਆਦਾ ਦੇਣੇ ਪੈਣਗੇ। ਇੱਥੇ ਹੁਣ ਇਸ ਦਾ ਭਾਅ 881 ਰੁਪਏ ਹੋ ਗਿਆ ਹੈ। ਆਈਏਐੱਨਐੱਸ ਦੀ ਰਿਪੋਰਟ ਅਨੁਸਾਰ 5 ਸਾਲਾਂ ਦੌਰਾਨ ਐੱਲਪੀਜੀ ਸਿਲੰਡਰ ਦੀਆਂ ਕੀਮਤਾਂ 'ਚ ਹੋਇਆ ਇਹ ਹੁਣ ਤਕ ਦਾ ਸਭ ਤੋਂ ਜ਼ਿਆਦਾ ਵਾਧਾ ਹੈ।

ਬਿਨਾਂ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਇਕ ਜਨਵਰੀ 2020 ਤੋਂ ਬਾਅਦ ਕੋਈ ਬਦਲਾਅ ਨਹੀਂ ਹੋਇਆ ਸੀ। ਫਿਊਲ ਰਿਟੇਲਰਜ਼ ਹਰ ਮਹੀਨੇ ਐੱਲਪੀਜੀ ਸਿਲੰਡਰ ਦੀਆਂ ਕੀਮਤਾਂ ਤੈਅ ਕਰਦੇ ਹਨ। ਕਾਬਿਲੇਗ਼ੌਰ ਹੈ ਕਿ ਇੰਡੀਅਨ ਆਇਲ ਦੇਸ਼ 'ਚ ਰੋਜ਼ਾਨਾ 30 ਲੱਖ ਇੰਡੇਨ ਗੈਸ ਸਿਲੰਡਰ ਦੀ ਸਪਲਾਈ ਕਰਦਾ ਹੈ।

ਭਾਰਤ 'ਚ ਐੱਲਪੀਜੀ ਸਿਲੰਡਰ ਦੀ ਕੀਮਤ ਦੋ ਚੀਜ਼ਾਂ 'ਤੇ ਨਿਰਭਰ ਕਰਦੀ ਹੈ। ਇਸ ਵਿਚ ਪਹਿਲਾ ਹੈ ਐੱਲਪੀਜੀ ਦਾ ਇੰਟਰਨੈਸ਼ਨਲ ਬੈਂਚਮਾਰਕ ਰੇਟ ਤੇ ਦੂਸਰਾ ਹੈ ਯੂਐੱਸ ਡਾਲਰ ਤੇ ਰੁਪਏ ਦਾ ਐਕਸਚੇਂਜ ਰੇਟ।

Posted By: Seema Anand