ਨਵੀਂ ਦਿੱਲੀ : ਐੱਸਬੀਆਈ ਗਾਹਕਾਂ ਲਈ ਖ਼ੁਸ਼ਖਬਰੀ ਹੈ। ਬੈਂਕ ਨੇ ਕਰਜ਼ ਦਰਾਂ 'ਚ ਕਟੌਤੀ ਕਰ ਦਿੱਤੀ ਹੈ। ਸਟੇਟ ਬੈਂਕ ਆਫ ਇੰਡੀਆ ਨੇ ਸਾਰੀਆਂ ਮਿਆਦਾਂ ਦੀਆਂ ਮੁੱਖ ਕਰਜ਼ ਦਰਾਂ (MCLR) ਨੂੰ 0.05 ਫ਼ੀਸਦੀ ਘਟਾ ਦਿੱਤਾ। ਐੱਮਸੀਐੱਲਆਰ ਦੇ ਆਧਾਰ 'ਤੇ ਹੀ ਬੈਂਕ ਆਪਣੀਆਂ ਸਾਰੀਆਂ ਕਰਜ਼ ਦਰਾਂ ਦਾ ਮੁਲਾਂਕਣ ਕਰਦੇ ਹਨ। ਨਵੀਆਂ ਦਰਾਂ ਅੱਜ ਯਾਨੀ ਬੁੱਧਵਾਰ ਤੋਂ ਲਾਗੂ ਹੋ ਗਈਆਂ ਹਨ। ਇਸ ਸਾਲ ਤੀਸਰੀ ਵਾਰ SBI ਨੇ ਆਪਣੀਆਂ ਕਰਜ਼ ਦਰਾਂ ਘਟਾਈਆਂ ਹਨ। ਇਸ ਤੋਂ ਪਹਿਲਾਂ ਅਪ੍ਰੈਲ 'ਚ ਵੀ 0.05 ਫ਼ੀਸਦੀ ਅਤੇ ਮਈ 'ਚ ਵੀ ਇੰਨੀ ਹੀ ਕਟੌਤੀ ਕਰਜ਼ ਦਰਾਂ 'ਚ ਕੀਤੀ ਗਈ ਸੀ। ਇਸੇ ਮਿਆਦ 'ਚ ਬੈਂਕ ਦੇ ਹੋਮ ਲੋਨ ਦੀਆਂ ਵਿਆਜ ਦਰਾਂ 'ਚ 0.20 ਫ਼ੀਸਦੀ ਕਮੀ ਆਈ ਹੈ।

ਇਕ ਦਿਨ ਪਹਿਲਾਂ ਹੀ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਆਸ ਪ੍ਰਗਟਾਈ ਸੀ ਕਿ ਆਰਬੀਆਈ ਦੀ ਮੁੱਖ ਨੀਤੀਗਤ ਵਿਆਜ ਦਰ 'ਚ ਤਿੰਨ ਵਾਰ ਕਟੌਤੀ ਦਾ ਲਾਭ ਦੇਸ਼ ਦੇ ਵਣਜ ਬੈਂਕ ਜਲਦ ਤੋਂ ਜਲਦ ਗਾਹਕਾਂ ਤਕ ਪਹੁੰਚਾਉਣਗੇ।

ਐੱਸਬੀਆਈ ਨੇ ਆਪਣੇ ਬਿਆਨ 'ਚ ਕਿਹਾ ਕਿ ਇਕ ਸਾਲ ਦੀ ਮਿਆਦ ਵਾਲੀ ਐੱਮਸੀਐੱਲਆਰ ਦੀਆਂ ਨਵੀਆਂ ਦਰਾਂ ਘਟਾ ਕੇ 8.40 ਫ਼ੀਸਦੀ 'ਤੇ ਆ ਗਈ ਹੈ। ਇਕ ਜੁਲਾਈ ਤੋਂ ਬੈਂਕ ਨੇ ਆਪਣੇ ਹੋਮ ਲੋਨ ਉਤਪਾਦਾਂ ਨੂੰ ਆਰਬੀਆਈ ਦੀ ਰੈਪੋ ਦਰ ਨਾਲ ਜੋੜ ਦਿੱਤਾ ਹੈ।

Posted By: Seema Anand