ਨਵੀਂ ਦਿੱਲੀ, ਬਿਜ਼ਨੈੱਸ ਡੈਸਕ : RBI ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਬੁੱਧਵਾਰ ਨੂੰ ਰੈਪੋ ਰੇਟ 'ਚ 40 ਬੇਸਿਸ ਪੁਆਇੰਟ ਦੇ ਵਾਧੇ ਦਾ ਐਲਾਨ ਕਰਕੇ ਬੈਂਕ ਗਾਹਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਆਰਬੀਆਈ ਗਵਰਨਰ ਨੇ ਦੱਸਿਆ ਕਿ ਕੇਂਦਰੀ ਬੈਂਕ ਦੀ ਮੁਦਰਾ ਨੀਤੀ ਕਮੇਟੀ ਨੇ ਸਰਬਸੰਮਤੀ ਨਾਲ ਰੈਪੋ ਦਰ ਵਿੱਚ 40 bps ਦਾ ਵਾਧਾ ਕਰਨ ਲਈ ਵੋਟ ਕੀਤਾ ਹੈ। ਹੁਣ ਇਹ ਦਰ 4.4% ਹੋ ਗਈ ਹੈ। ਰੇਪੋ ਰੇਟ 'ਚ ਇਸ ਵਾਧੇ ਨਾਲ ਹੋਮ ਲੋਨ, ਕਾਰ ਲੋਨ ਅਤੇ ਪਰਸਨਲ ਲੋਨ ਦੀ EMI ਵਧਣ ਦੀ ਉਮੀਦ ਹੈ।

ਸੀਆਰਆਰ ਵੀ ਵਧਿਆ

ਉਨ੍ਹਾਂ ਦੱਸਿਆ ਕਿ ਮਹਿੰਗਾਈ ਨੂੰ ਕੰਟਰੋਲ ਕਰਨ ਲਈ ਆਰਬੀਆਈ ਨੇ ਬੈਂਚਮਾਰਕ ਵਿਆਜ ਦਰਾਂ ਵਿੱਚ ਵਾਧਾ ਕੀਤਾ ਹੈ। ਅਪ੍ਰੈਲ 'ਚ ਵੀ ਮਹਿੰਗਾਈ ਵਧਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਕੇਂਦਰੀ ਬੈਂਕ ਨੇ ਕੈਸ਼ ਰਿਜ਼ਰਵ ਰੇਸ਼ੋ (CRR) ਵਿੱਚ ਵੀ 50 ਬੇਸਿਸ ਪੁਆਇੰਟ ਦਾ ਵਾਧਾ ਕੀਤਾ ਹੈ।

ਲੋਨ ਕਿਉਂ ਹੋ ਸਕਦਾ ਹੈ ਮਹਿੰਗਾ

ਰੇਪੋ ਦਰ ਪ੍ਰਮੁੱਖ ਵਿਆਜ ਦਰ ਹੈ ਜਿਸ 'ਤੇ ਬੈਂਕਾਂ ਨੂੰ ਆਰਬੀਆਈ ਤੋਂ ਕਰਜ਼ਾ ਮਿਲਦਾ ਹੈ। ਇਸ ਕਰਜ਼ੇ ਦੀ ਰਕਮ ਤੋਂ ਬੈਂਕ ਗਾਹਕਾਂ ਨੂੰ ਕਰਜ਼ਾ ਦਿੰਦੇ ਹਨ। ਰੇਪੋ ਰੇਟ ਵਧਣ ਦਾ ਮਤਲਬ ਹੈ ਕਿ ਬੈਂਕ ਤੋਂ ਕਈ ਤਰ੍ਹਾਂ ਦੇ ਲੋਨ (ਹੋਮ ਲੋਨ, ਕਾਰ ਲੋਨ, ਪਰਸਨਲ ਲੋਨ) ਮਹਿੰਗੇ ਹੋ ਜਾਣਗੇ। ਰਿਵਰਸ ਰੈਪੋ ਰੇਟ ਉਹ ਦਰ ਹੈ ਜਿਸ 'ਤੇ ਬੈਂਕਾਂ ਨੂੰ ਆਰਬੀਆਈ ਕੋਲ ਜਮ੍ਹਾ ਪੈਸੇ 'ਤੇ ਵਿਆਜ ਮਿਲਦਾ ਹੈ। ਰਿਵਰਸ ਰੈਪੋ ਰੇਟ ਦੀ ਵਰਤੋਂ ਨਕਦੀ ਦੀ ਤਰਲਤਾ ਨੂੰ ਕੰਟਰੋਲ ਕਰਨ ਲਈ ਕੀਤੀ ਜਾਂਦੀ ਹੈ।

ਜਦੋਂ ਬਜ਼ਾਰ ਵਿੱਚ ਜ਼ਿਆਦਾ ਤਰਲਤਾ ਹੁੰਦੀ ਹੈ, ਤਾਂ ਆਰਬੀਆਈ ਰਿਵਰਸ ਰੈਪੋ ਰੇਟ ਵਧਾਉਂਦਾ ਹੈ। ਇਸ ਦੇ ਪਿੱਛੇ ਮਕਸਦ ਇਹ ਹੈ ਕਿ ਬੈਂਕ ਜ਼ਿਆਦਾ ਵਿਆਜ ਕਮਾਉਣ ਲਈ ਆਰਬੀਆਈ ਕੋਲ ਆਪਣਾ ਪੈਸਾ ਜਮ੍ਹਾ ਕਰਾਉਣ। ਇਸ ਦੇ ਨਾਲ ਹੀ, ਹਰ ਬੈਂਕ ਨੂੰ ਆਪਣੀ ਕੁੱਲ ਨਕਦੀ ਦਾ ਕੁਝ ਹਿੱਸਾ ਰਿਜ਼ਰਵ ਬੈਂਕ ਕੋਲ ਜਮ੍ਹਾ ਕਰਨਾ ਹੁੰਦਾ ਹੈ। ਇਸਨੂੰ ਕੈਸ਼ ਰਿਜ਼ਰਵ ਰੇਸ਼ੋ (CRR) ਕਿਹਾ ਜਾਂਦਾ ਹੈ।

ਫੇਡ ਰਿਜ਼ਰਵ ਵਧਾ ਸਕਦਾ ਹੈ ਦਰ

ਆਰਬੀਆਈ ਗਵਰਨਰ ਦਾ ਇਹ ਬਿਆਨ ਅਜਿਹੇ ਸਮੇਂ 'ਚ ਆਇਆ ਹੈ ਜਦੋਂ ਗਲੋਬਲ ਮਹਿੰਗਾਈ ਭਾਰਤ ਦੀ ਵਿਕਾਸ ਦਰ ਦੀ ਰਿਕਵਰੀ ਲਈ ਚੁਣੌਤੀ ਬਣ ਗਈ ਹੈ। ਇਹ ਵੀ ਖ਼ਬਰ ਹੈ ਕਿ ਯੂਐਸ ਫੈਡਰਲ ਰਿਜ਼ਰਵ ਰਿਕਾਰਡ ਮਹਿੰਗਾਈ ਨੂੰ ਰੋਕਣ ਲਈ ਮੁੱਖ ਵਿਆਜ ਦਰਾਂ ਵਿੱਚ 50 ਅਧਾਰ ਅੰਕ ਦਾ ਵਾਧਾ ਕਰ ਸਕਦਾ ਹੈ।

Posted By: Tejinder Thind