ਜੇਐੱਨਐੱਨ, ਨਵੀਂ ਦਿੱਲੀ : ਦੇਸ਼ ਦੀ ਸਭ ਤੋਂ ਵੱਡੀ ਜੀਵਨ ਬੀਮਾ ਕੰਪਨੀ ਭਾਰਤੀ ਜੀਵਨ ਬੀਮਾ ਨਿਗਮ (LIC) ਨੇ ਕਿਹਾ ਹੈ ਕਿ ਉਹ ਕ੍ਰੈਡਿਟ ਕਾਰਡ ਰਾਹੀਂ ਭੁਗਤਾਨ 'ਤੇ ਕਨਵੀਨੀਅੰਸ ਫੀ ਨਹੀਂ ਲਵੇਗੀ। ਇਹ ਪਹਿਲੀ ਦਸੰਬਰ ਤੋਂ ਲਾਗੂ ਹੋ ਚੁੱਕਾ ਹੈ। LIC ਇਸ ਦੇ ਜ਼ਰੀਏ ਡਿਜੀਟਲ ਪੇਮੈਂਟ ਨੂੰ ਹੱਲਾਸ਼ੇਰੀ ਦੇਣੀ ਚਾਹੁੰਦੀ ਹੈ। LIC ਨੇ ਕਿਹਾ ਕਿ ਰਿਨਿਊਲ ਪ੍ਰੀਮੀਅਮ, ਨਵਾਂ ਪ੍ਰੀਮੀਅਮ ਜਾਂ ਲੋਨ ਜਾਂ ਵਿਆਜ਼ ਦੀ ਰੀਪੇਮੈਂਟ ਲਈ ਜੇਕਰ ਕੋਈ ਪਾਲਿਸੀ ਧਾਰਕ ਕ੍ਰੈਡਿਟ ਕਾਰਡ ਰਾਹੀਂ ਭੁਗਤਾਨ ਕਰਦਾ ਹੈ ਤਾਂ ਉਸ ਨੂੰ ਪਹਿਲੀ ਦਸੰਬਰ ਤੋਂ ਕੋਈ ਵਾਧੂ ਚਾਰਜ ਨਹੀਂ ਦੇਣਾ ਪਵੇਗਾ।

ਭਾਰਤੀ ਜੀਵਨ ਬੀਮਾ ਨਿਗਮ ਨੇ ਆਪਣੇ ਨੋਟਿਸ 'ਚ ਕਿਹਾ ਹੈ ਕਿ ਕ੍ਰੈਡਿਟ ਕਾਰਡ ਜ਼ਰੀਏ ਮੁਫ਼ਤ ਲੈਣ-ਦੇਣ ਦੀ ਇਹ ਸਹੂਲਤ ਪੈਸੇ ਇਕੱਠੇ ਕਰਨ ਦੇ ਹਰ ਮਾਧਿਅਮ 'ਤੇ ਲਾਗੂ ਹੋਵੇਗੀ, ਚਾਹੇ ਉਹ ਕਾਰਡਲੈੱਸ ਪੇਮੈਂਟ ਹੋਵੇ ਜਾਂ ਕਾਰਡ ਸਵਾਈਪ ਕਰਨਾ ਜਾਂ ਫਿਰ ਪੁਆਇੰਟ ਆਫ ਸੈਲ ਮੀਸ਼ਨ ਜ਼ਰੀਏ।

LIC ਨੇ ਉਨ੍ਹਾਂ ਪਾਲਿਸੀ ਧਾਰਕਾਂ ਨੂੰ ਵੀ ਵੱਡੀ ਰਾਹਤ ਦਿੱਤੀ ਹੈ ਜਿਨ੍ਹਾਂ ਦੀ ਪਾਲਿਸੀ ਦੋ ਸਾਲ ਤੋਂ ਜ਼ਿਆਦਾ ਸਮੇਂ ਤੋਂ ਲੈਪਸ ਪਈ ਹੈ। ਅਜਿਹੀ ਲੈਪਸਡ ਪਾਲਿਸੀਜ਼ ਨੂੰ ਵੀ ਪਾਲਿਸੀ ਧਾਰਕ ਹੁਣ ਚਾਲੂ ਕਰਵਾ ਸਕਦੇ ਹਨ। ਇਕ ਟਵੀਟ 'ਚ ਭਾਰਤੀ ਜੀਵਨ ਬੀਮਾ ਨਿਗਮ ਨੇ ਕਿਹਾ, 'ਐੱਲਆਈਸੀ ਪਾਲਿਸੀ ਧਾਰਕਾਂ ਲਈ ਪੈਲਸਡ ਪਾਲਿਸੀ ਨੂੰ ਮੁੜ ਚਾਲੂ ਕਰਵਾਉਣ ਦਾ ਅਵਸਰ ਲੈ ਕੇ ਆਈ ਹੈ। ਦੋ ਸਾਲ ਤੋਂ ਜ਼ਿਆਦਾ ਸਮੇਂ ਤੋਂ ਲੈਪਸਡ ਪਾਲਿਸੀ ਨੂੰ ਮੁੜ ਚਾਲੂ ਕਰਵਾਉਣ ਦੀ ਇਜਾਜ਼ਤ ਨਹੀਂ ਸੀ ਪਰ ਹੁਣ ਇਸ ਨੂੰ ਮੁੜ ਚਾਲੂ ਕਰਵਾਇਆ ਜਾ ਸਕਦਾ ਹੈ।

ਬੀਮਾ ਰੈਗੂਲੇਟਰੀ ਦੇ 1 ਜਨਵਰੀ, 2014 ਤੋਂ ਲਾਗੂ ਨਿਯਮਾਂ ਅਨੁਸਾਰ, ਲੈਪਸਡ ਪਾਲਿਸੀ ਨੂੰ ਦੋ ਸਾਲ ਦੇ ਅੰਦਰ ਚਾਲੂ ਕਰਵਾਇਆ ਜਾ ਸਕਦਾ ਸੀ। ਇਸ ਲਈ 1 ਜਨਵਰੀ 2014 ਤੋਂ ਬਾਅਦ ਲਈਆਂ ਗਈਆਂ ਅਜਿਹੀਆਂ ਜੀਵਨ ਬੀਮਾ ਪਾਲਿਸੀ ਜਿਸ ਦੇ ਪ੍ਰੀਮੀਅਮ ਦਾ ਭੁਗਤਾਨ ਦੋ ਸਾਲ ਪਹਿਲਾਂ ਕੀਤਾ ਗਿਆ ਸੀ, ਨੂੰ ਮੁੜ ਚਾਲੂ ਕਰਵਾਇਆ ਜਾ ਸਕਦਾ ਹੈ।

Posted By: Seema Anand