ਜੇਐੱਨਐੱਨ, ਨਵੀਂ ਦਿੱਲੀ : ਟੇਸਲਾ ਇੰਕ (Tesla Inc) ਤੇ ਸਪੇਸਐਕਸ (SpaceX) ਦੇ ਸੀਈਓ ਐਲਨ ਮਸਕ (Elon Musk) ਅੱਜਕਲ੍ਹ ਕਾਫੀ ਚਰਚਾ 'ਚ ਹਨ। ਇਸ ਦੇ ਪਿੱਛੇ ਮੁੱਖ ਵਜ੍ਹਾ ਹੈ, ਹਾਲ ਹੀ 'ਚ ਉਨ੍ਹਾਂ ਦਾ ਐਮਾਜ਼ੋਨ ਦੇ ਫਾਊਂਡਰ ਜੈਫ ਬੇਜੋਸ ਨੂੰ ਪਛਾੜ ਕੇ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ ਬਣਨਾ। ਹਾਲਾਂਕਿ, ਕੁਝ ਦਿਨਾਂ ਅੰਦਰ ਹੀ ਉਹ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿਚ ਦੂਸਰੇ ਨੰਬਰ 'ਤੇ ਆ ਗਏ ਹਨ। ਐਲਨ ਦੀ ਕੰਪਨੀ ਟੈਸਲਾ ਵੀ ਅੱਜਕਲ੍ਹ ਹਰ ਕਿਸੇ ਦੀ ਜ਼ੁਬਾਨ 'ਤੇ ਹੈ। ਟੇਸਲਾ ਦੇ ਸ਼ੇਅਰਾਂ 'ਚ ਸਾਲ 2020 'ਚ ਜ਼ਬਰਦਸਤ ਵਾਧਾ ਹੋਇਆ ਹੈ। ਇਸ ਸ਼ੇਅਰ 'ਚ ਪੈਸਾ ਲਗਾਉਣ ਵਾਲੇ ਲੋਕ ਕਰੋੜਪਤੀ ਬਣ ਗਏ ਹਨ। ਆਓ ਐਲਾਨ ਮਸਕ ਤੇ ਇਨ੍ਹਾਂ ਦੇ ਕਾਰੋਬਾਰੀਆਂ ਬਾਰੇ ਵਿਸਤਾਰ ਨਾਲ ਜਾਣਦੇ ਹਾਂ।

ਐਲਨ ਮਸਕ ਦਾ ਜਨਮ ਦੱਖਣੀ ਅਫ਼ਰੀਕਾ 'ਚ ਹੋਇਆ। ਉਸ ਨੂੰ ਬਚਪਨ ਤੋਂ ਹੀ ਕਿਤਾਬਾਂ ਪੜਨ ਦਾ ਬੇਹੱਦ ਸ਼ੌਕ ਸੀ। ਉਹ ਬਚਪਨ 'ਚ ਕਾਫੀ ਸ਼ਾਂਤ ਸੁਭਾਅ ਦੇ ਸਨ, ਇਸ ਕਾਰਨ ਦੋਸਤ ਕਾਫ਼ੀ ਪਰੇਸ਼ਾਨ ਕਰਦੇ ਸਨ। ਐਲਨ ਨੇ 10 ਸਾਲ ਦੀ ਉਮਰ 'ਚ ਕੰਪਿਊਟਰ ਪ੍ਰੋਗਰਾਮਿੰਗ ਸਿੱਖ ਲਈ ਸੀ ਤੇ 12 ਸਾਲ ਦੀ ਉਮਰ 'ਚ ਉਨ੍ਹਾਂ ਨੇ 'ਬਲਾਸਟਰ' ਨਾਂ ਨਾਲ ਇਕ ਵੀਡੀਓ ਗੇਮ ਤਿਆਰ ਕਰ ਲਈ ਸੀ। ਇਹ ਪੈਸਾ ਉਨ੍ਹਾਂ ਨੇ 'ਐਕਸ ਡਾਟ ਕਾਮ' ਕੰਪਨੀ 'ਚ ਲਗਾਇਆ, ਜੋ ਅੱਜ 'ਪੇ-ਪਾਲ' ਦੇ ਨਾਂ ਨਾਲ ਜਾਣੀ ਜਾਂਦੀ ਹੈ। ਬਾਅਦ 'ਚ ਮਸਕ ਨੇ ਪੁਲਾੜ ਖੋਜ ਨਾਲ ਜੁੜੀਆਂ ਤਕਨੀਕਾਂ 'ਤੇ ਕੰਮ ਕੀਤਾ, ਜਿਸ ਨੂੰ 'ਸਪੇਸ-ਐਕਸ' ਨਾਂ ਦਿੱਤਾ ਗਿਆ। ਇਸ ਤੋਂ ਬਾਅਦ 'ਚ ਸਾਲ 2004 'ਚ ਮਸਕ ਨੇ ਇਲੈਕਟ੍ਰਿਕ ਕਾਰ ਕੰਪਨੀ ਟੇਸਲਾ ਦੀ ਨੀਂਹ ਰੱਖੀ।

ਖ਼ਾਸ ਗੱਲ ਇਹ ਹੈ ਕਿ ਮਸਕ ਨੇ ਇਨ੍ਹਾਂ ਦੋਵਾਂ ਕੰਪਨੀਆਂ ਦੀ ਬੁਨਿਆਦ ਭਵਿੱਖ ਦੀਆਂ ਸੰਭਾਵਨਾਵਾਂ ਨੂੰ ਦੇਖਦੇ ਹੋਏ ਰੱਖੀ। ਸਪੇਸ-ਐਕਸ ਕਹਿੰਦੀ ਹੈ ਕਿ ਇਨਸਾਨ ਆਉਣ ਵਾਲੇ ਸਮੇਂ 'ਚ ਦੂਸਰੇ ਗ੍ਰਹਿਆਂ 'ਤੇ ਵੀ ਰਹਿ ਸਕਣਗੇ। ਉੱਥੇ ਹੀ ਟੇਸਲਾ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਸਾਰੀਆਂ ਚੀਜ਼ਾਂ ਇਲੈਕਟ੍ਰਿਕ ਹੋਣਗੀਆਂ। ਮਸਕ ਦਾ ਕਹਿਣਾ ਹੈ ਕਿ ਉਹ ਆਪਣੀ ਜਾਇਦਾਦ ਦਾ ਇਕ ਵੱਡਾ ਹਿੱਸਾ ਮੰਗਲ ਗ੍ਰਹਿ 'ਤੇ ਇਕ ਬੇਸ ਦੇ ਨਿਰਮਾਣ 'ਚ ਖ਼ਰਚ ਕਰਨਾ ਚਾਹੁੰਦੇ ਹਨ। ਨਾਲ ਹੀ ਉਹ ਇਹ ਵੀ ਕਹਿੰਦੇ ਹਨ ਕਿ ਇਸ ਮਿਸ਼ਨ ਨੂੰ ਸਫ਼ਲ ਬਣਾਉਣ 'ਚ ਆਪਣੀ ਸਾਰੀ ਪੂੰਜੀ ਵੀ ਲਗਾ ਸਕਦੇ ਹਨ।

ਮਸਕ ਬਾਰੇ ਇਕ ਖ਼ਾਸ ਗੱਲ ਇਹ ਕਹੀ ਜਾਂਦੀ ਹੈ ਕਿ ਉਹ ਜੋਖ਼ਮ ਉਠਾਉਣ ਦੇ ਮਾਮਲੇ 'ਚ ਕਦੀ ਪਿੱਛੇ ਨਹੀਂ ਰਹਿੰਦੇ। ਸਾਲ 2008 'ਚ ਆਈ ਆਲਮੀ ਆਰਥਿਕ ਮੰਦੀ ਸਮੇਂ ਮਸਕ ਕਾਫੀ ਅਸਫ਼ਲਤਾਵਾਂ ਨਾਲ ਜੂਝ ਰਹੇ ਸਨ। ਇਕ ਸਮਾਂ ਅਜਿਹਾ ਵੀ ਆਇਆ ਜਦੋਂ ਉਨ੍ਹਾਂ ਨੂੰ ਆਪਣੇ ਖਰਚਿਆਂ ਲਈ ਦੋਸਤਾਂ ਤੋਂ ਉਧਾਰ ਲੈਣਾ ਪਿਆ। ਮਸਕ ਨੇ ਕੁਝ ਮਹੀਨੇ ਪਹਿਲਾਂ ਜਨਮੇ ਆਪਣੇ ਪੁੱਤਰ ਦਾ ਨਾਂ XA-12 ਰੱਖਿਆ ਸੀ, ਜੋ ਕਾਫੀ ਚਰਚਾ 'ਚ ਰਿਹਾ ਸੀ।

ਆਓ ਹੁਣ ਮਸਕ ਦੀ ਕੰਪਨੀ ਟੇਸਲਾ ਦੀ ਗੱਲ ਕਰਦੇ ਹਾਂ। ਇਲੈਕਟ੍ਰਿਕ ਕਾਰ ਕੰਪਨੀ ਟੇਸਲਾ ਦੇ ਸ਼ੇਅਰਾਂ ਦੀ ਕੀਮਤ ਸਾਲ 2020 'ਚ 700 ਫ਼ੀਸਦੀ ਤੋਂ ਜ਼ਿਆਦਾ ਵਧ ਗਈ। ਇਸੇ ਦੀ ਬਦੌਲਤ ਟੇਸਲਾ ਦੁਨੀਆ ਦੀ ਸਭ ਤੋਂ ਮੁੱਲਵਾਣ ਕੰਪਨੀ ਵੀ ਬਣੀ। ਜਿਨ੍ਹਾਂ ਲੋਕਾਂ ਨੇ ਪਿਛਲੇ ਸਾਲ ਟੇਸਲਾ ਦੇ ਸ਼ੇਅਰਾਂ 'ਚ ਨਿਵੇਸ਼ ਕੀਤਾ, ਉਹ ਮਾਲਾਮਾਲ ਹੋ ਗਏ। ਟੇਸਲਾ ਪਿਛਲੇ ਸਾਲ ਦਸੰਬਰ ਮਹੀਨੇ 'ਚ ਹੀ ਅਮਰੀਕਾ ਦੇ ਸਭ ਤੋਂ ਵੱਡੇ ਸਟਾਕ ਇੰਡੈਕਸ ਐੱਸ ਐਂਡ ਪੀ-500 'ਚ ਆਈ ਹੈ।

ਟੇਸਲਾ ਦੇ ਸ਼ੇਅਰ ਦੀ ਕੀਮਤ ਦੀ ਗੱਲ ਕਰੀਏ ਤਾਂ ਜੂਨ 2010 'ਚ ਟੇਸਲਾ ਦੇ ਸ਼ੇਅਰ ਸਿਰਫ਼ 17 ਡਾਲਰ ਪ੍ਰਤੀ ਸ਼ੇਅਰ ਦੀ ਕੀਮਤ 'ਤੇ ਬਾਜ਼ਾਰ 'ਚ ਆਏ ਸਨ। ਅੱਜ ਕੰਪਨੀ ਦੇ ਸ਼ੇਅਰੀਆਂ ਦੀ ਕੀਮਤ 811 ਡਾਲਰ ਨਾਲੋਂ ਜ਼ਿਆਦਾ ਹੋ ਚੁੱਕੀ ਹੈ. ਜਿਨ੍ਹਾਂ ਨਿਵੇਸ਼ਕਾਂ ਨੇ ਸ਼ੁਰੂਆਤ 'ਚ ਹੀ ਇਸ ਦੇ ਸ਼ੇਅਰ ਖਰੀਦ ਲਏ ਸਨ, ਉਹ ਮਾਲਾਮਾਲ ਹੋ ਗਏ ਹਨ।

ਹਾਲਾਂਕਿ ਮੰਗਲਵਾਰ ਨੂੰ ਕੰਪਨੀ ਦੇ ਸ਼ੇਅਰਾਂ 'ਚ ਕਰੀਬ 8 ਫ਼ੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ, ਜਿਸ ਨਾਲ ਇਹ 811.19 ਯੂਐੱਸ ਡਾਲਰ 'ਤੇ ਟਰੇਡ ਕਰ ਰਿਹਾ ਸੀ। ਸ਼ੇਅਰ 'ਚ ਇਸ ਗਿਰਾਵਟ ਨਾਲ ਐਲਨ ਮਸਕ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਫੋਰਬਜ਼ ਦੀ ਸੂਚੀ 'ਚ ਦੂਸਰੇ ਸਥਾਨ 'ਤੇ ਤਿਲਕ ਗਏ ਹਨ।

Posted By: Seema Anand