ਨਵੀਂ ਦਿੱਲੀ : ਕਰਮਚਾਰੀ ਭਵਿੱਖ ਨਿਧੀ (EPF) ਸਾਰੇ ਤਨਖ਼ਾਹ ਲੈਣ ਵਾਲੇ ਮੁਲਾਜ਼ਮਾਂ ਲਈ ਸਰਕਾਰ ਵੱਲੋਂ ਚਲਾਈ ਜਾਣ ਵਾਲੀ ਪੈਨਸ਼ਨ ਯੋਜਨਾ ਹੈ। ਚਾਲੂ ਵਿੱਤੀ ਵਰ੍ਹੇ ਵਿਚ ਈਪੀਐੱਫ ਵਿਚ ਨਿਵੇਸ਼ ਦੀ ਵਿਆਜ ਦਰ ਪਿਛਲੇ ਸਾਲ ਦੇ 8.55 ਫ਼ੀਸਦੀ ਦੇ ਮੁਕਾਬਲੇ 8.65 ਫ਼ੀਸਦੀ ਹੈ ਜੋ ਪਿਛਲੇ ਪੰਜ ਸਾਲਾਂ ਵਿਚ ਸਭ ਤੋਂ ਘੱਟ ਸੀ। ਕਰਮਚਾਰੀ ਭਵਿੱਖ ਨਿਧੀ ਸੰਗਠਨ ਸਾਰੇ 20 ਜਾਂ ਉਸੇ ਤੋਂ ਵੱਧ ਵਿਅਕਤੀਆਂ ਵਾਲੇ ਸੰਗਠਨ ਦੇ ਮੁਲਾਜ਼ਮਾਂ ਨੂੰ ਪੀਐੱਫ ਵਿਚ ਨਿਵੇਸ਼ ਦੀ ਇਜਾਜ਼ਤ ਦਿੰਦਾ ਹੈ। ਈਪੀਐੱਫਓ ਦੀ ਵੈੱਬਸਾਈਟ epfindia.gov.in ਅਨੁਸਾਰ, ਈਪੀਐੱਫਓ ਦੀ ਰਿਟਾਇਰਮੈਂਟ ਫੰਡ ਬਾਡੀ ਮੈਂਬਰ ਨੂੰ ਦੋ ਜਾਂ ਉਸ ਤੋਂ ਜ਼ਿਆਦਾ ਸਮੇਂ ਲਈ ਬੇਰੁਜ਼ਗਾਰ ਹੋਣ ਦੀ ਸਥਿਤੀ ਵਿਚ ਪੂਰਨ ਨਿਕਾਸੀ ਦੀ ਇਜਾਜ਼ਤ ਦਿੰਦੀ ਹੈ।

ਇੱਥੇ ਅਸੀਂ ਕੁਝ ਅਜਿਹੀਆਂ ਸ਼ਰਤਾਂ ਬਾਰੇ ਦੱਸ ਰਹੇ ਹਾਂ ਜਿਸ ਵਿਚ ਪੀਐੱਫ ਖਾਤੇ 'ਚੋਂ ਪੈਸੇ ਕੱਢਣ ਦੀ ਇਜਾਜ਼ਤ ਮਿਲਦੀ ਹੈ--

ਵਿਆਹ : ਈਪੀਐੱਫ ਮੈਂਬਰ ਕੁਝ ਸ਼ਰਤਾਂ 'ਤੇ ਖ਼ੁਦ, ਬੇਟਾ, ਬੇਟੀ, ਭੈਣ ਜਾਂ ਭਰਾ ਦੇ ਵਿਆਹ ਲਈ ਈਪੀਐੱਫ ਖਾਤੇ 'ਚੋਂ ਵਿਆਜ ਸਮੇਤ ਮੁਲਾਜ਼ਮ ਹਿੱਸੇਦਾਰੀ ਦਾ 50 ਫ਼ੀਸਦੀ ਤਕ ਕੱਢ ਸਕਦੇ ਹਨ। ਈਪੀਐੱਫਓ ਦੀ ਵੈੱਬਸਾਈਟ ਅਨੁਸਾਰ ਇਸ ਤਰ੍ਹਾਂ ਦੀ ਨਿਕਾਸੀ ਲਈ ਮੈਂਬਰ ਦੀ 7 ਸਾਲ ਦੀ ਨੌਕਰੀ ਜ਼ਰੂਰੀ ਹੈ। ਈਪੀਐੱਫਓ ਰਿਟਾਇਰਮੈਂਟ ਫੰਡ ਸਬੰਧੀ ਅਜਿਹੀਆਂ 3 ਨਿਕਾਸੀਆਂ ਦੀ ਇਜਾਜ਼ਤ ਦਿੰਦੀ ਹੈ।

ਸਿੱਖਿਆ : ਈਪੀਐੱਫਓ ਦੀ ਵੈੱਬਸਾਈਟ ਅਨੁਸਾਰ, ਮੈਂਬਰ ਬੱਚਿਆਂ ਦੀ ਸਿੱਖਿਆ ਲਈ 50 ਫ਼ੀਸਦੀ ਨਿਕਾਸੀ ਕਰ ਸਕਦਾ ਹੈ। 7 ਸਾਲਾਂ ਤਕ ਸੇਵਾ ਨਾਲ ਜੁੜੇ ਰਹਿਣ ਤੋਂ ਬਾਅਦ ਮੈਂਬਰ ਨੂੰ ਬੱਚਿਆਂ ਦੀ ਸਿੱਖਿਆ ਲਈ ਵਿਆਜ ਸਮੇਤ 50 ਫ਼ੀਸਦੀ ਮੁਲਾਜ਼ਮ ਹਿੱਸੇਦਾਰੀ ਦੀ 3 ਵਾਰ ਨਿਕਾਸੀ ਦੀ ਇਜਾਜ਼ਤ ਮਿਲਦੀ ਹੈ।

ਪ੍ਰਾਪਰਟੀ ਖਰੀਦਣ ਲਈ :

  • ਈਪੀਐੱਫ ਮੈਂਬਰ ਸੇਵਾ ਵਿਚ 5 ਸਾਲ ਜੁੜੇ ਰਹਿਣ ਤੋਂ ਬਾਅਦ ਘਰ ਦੀ ਖਰੀਦਦਾਰੀ, ਜਗ੍ਹਾ ਦੀ ਖਰੀਦਦਾਰੀ ਜਾਂ ਨਿਰਮਾਣ ਲਈ ਕੁਝ ਸ਼ਰਤਾਂ ਸਮੇਤ ਨਿਕਾਸੀ ਕਰ ਸਕਦਾ ਹੈ।

  • ਈਪੀਐੱਫਓ ਅਜਿਹੀ ਸਿਰਫ਼ ਇਕ ਨਿਕਾਸੀ ਦੀ ਇਜਾਜ਼ਤ ਦਿੰਦੀ ਹੈ। ਅਜਿਹੀ ਸਥਿਤੀ ਵਿਚ ਕੱਢਵਾਈ ਜਾਣ ਵਾਲੀ ਰਕਮ 36 ਮਹੀਨਿਆਂ ਦੀ ਬੇਸਿਕ ਸੈਲਰੀ ਅਤੇ ਡੀਏ ਤੋਂ ਘੱਟ ਹੋਣੀ ਚਾਹੀਦੀ ਹੈ।

  • ਜਗ੍ਹਾ ਖਰੀਦਣ ਲਈ ਕੱਢੀ ਜਾਣ ਵਾਲੀ ਰਾਸ਼ੀ 24 ਮਹੀਨਿਆਂ ਦੀ ਬੇਸਿਕ ਸੈਲਰੀ ਅਤੇ ਡੀਏ ਤੋਂ ਘੱਟ ਹੋਣੀ ਚਾਹੀਦੀ ਹੈ।

  • ਅਜਿਹੀ ਸਥਿਤੀ ਵਿਚ ਘਰ ਜਾਂ ਜਗ੍ਹਾ ਈਪੀਐੱਫਓ ਮੈਂਬਰ ਜਾਂ ਮੈਂਬਰ ਦੀ ਪਤਨੀ ਜਾਂ ਦੋਨਾਂ ਵਲੋਂ ਸੰਯੁਕਤ ਰੂਪ 'ਚ ਖਰੀਦੇ ਜਾਣੇ ਚਾਹੀਦੇ ਹਨ।

ਹੋਮ ਲੋਨ ਚੁਕਾਉਣ ਲਈ : ਵੈੱਬਸਾਈਟ ਮੁਤਾਬਿਕ ਈਪੀਐੱਫ ਮੈਂਬਰ ਕੁਝ ਸ਼ਰਤਾਂ ਸਮੇਤ ਹੋਮ ਲੋਨ ਨੂੰ ਈਪੀਐੱਫ ਖਾਤੇ ਵਿਚ ਜਮ੍ਹਾਂ ਪੈਸੇ ਰਾਹੀਂ ਚੁਕਾ ਸਕਦੇ ਹਨ। ਈਪੀਐੱਫ ਮੈਂਬਰ 10 ਸਾਲ ਤਕ ਸੇਵਾ ਨਾਲ ਜੁੜੇ ਰਹਿਣ ਤੋਂ ਹਬਾਅਦ ਅਜਿਹੀ ਨਿਕਾਸੀ ਕਰ ਸਕਦੇ ਹਨ। ਅਜਿਹੀ ਰਕਮ 36 ਮਹੀਨਿਆਂ ਦੀ ਬੇਸਿਕ ਸੈਲਰੀ ਅਤੇ ਡੀਏ ਤੋਂ ਘੱਟ ਹੋਣੀ ਚਾਹੀਦੀ ਹੈ।

Posted By: Seema Anand