ਜਾਗਰਣ ਬਿਉਰੋ, ਨਵੀਂ ਦਿੱਲੀ : ਬ੍ਰਾਡਬੈਂਡ ਸੇਵਾਵਾਂ ਰਾਹੀਂ ਹੋਮ ਇੰਟਰਟੇਨਮੈਂਟ ਤੋਂ ਲੈ ਕੇ ਇੰਟਰਨੈਟ ਸੇਵਾਵਾਂ ਦੇ ਬਾਜ਼ਾਰ ਵਿਚ ਰਿਲਾਇੰਸ ਜਿਓ ਅਗਲੇ ਮਹੀਨੇ ਧਮਾਕਾ ਕਰਨ ਜਾ ਰਿਹਾ ਹੈ। ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਐਲਾਨ ਕੀਤਾ ਹੈ ਕਿ 5 ਸਤੰਬਰ ਤੋਂ ਦੇਸ਼ ਵਿਚ ਜਿਓ ਗੀਗਾਫਾਈਬਰ ਦੀਆਂ ਸੇਵਾਵਾਂ ਸ਼ੁਰੂ ਹੋ ਜਾਣਗੀਆਂ ਜੋ 700 ਰੁਪਏ ਮਹੀਨੇ ਤੋਂ ਲੈ ਕੇ 10,000 ਰੁਪਏ ਪ੍ਰਤੀ ਮਹੀਨੇ ਦੇ ਟੈਰਿਫ ਪਲਾਨ 'ਤੇ ਮੁਹੱਈਆ ਹੋਣਗੀਆਂ। ਇਸ ਤਹਿਤ ਟੀਵੀ ਦੇਖਣ ਵਾਲੇ ਗਾਹਕਾਂ ਨੂੰ ਨਾ ਸਿਰਫ਼ ਹਾਈ ਡੈਫੀਨੇਸ਼ਨ ਚੈਨਲਾਂ ਦੇ ਬੁਕੇ ਉਪਲਬੱਧ ਹੋਣਗੇ, ਬਲਕਿ ਦੇਸ਼ ਭਰ ਵਿਚੋਂ ਕਿਸੇ ਵੀ ਨੈੱਟਵਰਕ 'ਤੇ ਵਾਇਸ ਕਾਲ ਦੀ ਸਹੂਲਤ ਵੀ ਜੀਵਨ ਭਰ ਮੁਫ਼ਤ ਮਿਲੇਗੀ।

ਸੋਮਵਾਰ ਨੂੰ ਮੁੰਬਈ ਰਿਲਾਇੰਸ ਇੰਡਸਟਰੀਜ਼ ਲਿਮਟਡ (ਆਰਆਈਐੱਲ) ਦੀ ਸਾਲਾਨਾ ਆਮ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਮੁਕੇਸ਼ ਅੰਬਾਨੀ ਨੇ ਦੱਸਿਆ ਕਿ ਜਿਓ ਫਾਈਬਰ (ਸਾਲਾਨਾ ਪਲਾਨ) ਚੁਣਨ ਵਾਲਿਆਂ ਨੂੰ 4ਕੇ ਟੀਵੀ ਅਤੇ 4 ਸੈੱਟਟਾਪ ਬਾਕਸ ਮੁਫ਼ਤ ਦਿੱਤਾ ਜਾਵੇਗਾ। ਇੰਨਾ ਹੀ ਨਹੀਂ ਸਾਲ 2020 ਤਕ ਜਿਓ ਗੀਗਾਫਾਈਬਰ ਦੇ ਪ੍ਰਰੀਮੀਅਮ ਗਾਹਕ ਘਰ ਬੈਠੇ ਕਿਸੇ ਵੀ ਫਿਲਮ ਨੂੰ ਰਿਲੀਜ਼ ਦੇ ਦਿਨ ਹੀ ਦੇਖ ਸਕਣਗੇ। ਇਸ ਕੀਮ ਨੂੰ ਜਿਓ ਨੇ 'ਫਸਟ ਡੇ ਫਸਟ ਸ਼ੋਅ' ਨਾਮ ਦਿੱਤਾ ਹੈ। ਜਿਓ ਗੀਗਾਫਾਈਬਰ ਦੀ ਸ਼ੁਰੂਆਤ ਹੋ ਜਾਣ ਨਾਲ ਬ੍ਰਾਡਬੈਂਡ ਗਾਹਕਾਂ ਨੂੰ ਤੇਜ਼ ਸਪੀਡ ਵਾਲਾ ਇੰਟਰਨੈਟ ਮਿਲੇਗਾ। ਕੰਪਨੀ ਮੁਤਾਬਕ ਜਿਓ ਗੀਗਾਫਾਈਬਰ ਪਲਾਨ 100 ਐੱਮਬੀ ਪ੍ਰਤੀ ਸੈਕਿੰਡ ਤੋਂ ਸ਼ੁਰੂ ਹੋ ਕੇ 1 ਜੀਬੀ ਪ੍ਰਤੀ ਸੈਕਿੰਡ ਦੀ ਸਪੀਡ ਵਾਲੇ ਡਾਟਾ ਨਾਲ ਹੋਵੇਗਾ। ਪਿਛਲੇ ਕੁਝ ਮਹੀਨਿਆਂ ਤੋਂ ਕੰਪਨੀ ਨੇ ਖੁਦ ਨੂੰ ਵਿਸ਼ਵ ਪੱਧਰੀ ਮਾਪਦੰਡਾਂ ਅਨੁਸਾਰ ਅਪਗ੍ਰੇਡ ਕੀਤਾ ਹੈ। ਇਸ ਤੋਂ ਬਾਅਦ ਹੁਣ ਕੰਪਨੀ ਆਪਣੇ ਗਾਹਕਾਂ ਨੂੰ ਬਿਹਤਰ ਸਹੂਲਤਾਂ ਤੇ ਭਰੋਸੇਯੋਗਤਾ ਦੇ ਨਾਲ ਹਾਈ ਡੈਫੀਨੇਸ਼ਨ ਚੈਨਲਾਂ ਦਾ ਸਭ ਤੋਂ ਵੱਡਾ ਬੁਕੇ ਦੇ ਸਕਦੀ ਹੈ। ਅੰਬਾਨੀ ਨੇ ਕਿਹਾ ਕਿ ਇਹ ਡੀਟੀਐੱਚ ਤੋਂ ਬਿਹਤਰ ਹੋਵੇਗਾ।

ਰਿਲਾਇੰਸ ਦੇ ਚੇਅਰਮੈਨ ਮੁਤਾਬਕ ਸੈਟਟਾਪ ਬਾਕਸ ਹੈੱਡਸੈੱਟ ਰਾਹੀਂ ਮਿਕਸਡ ਰਿਆਲਿਟੀ (ਐੱਮਆਰ) ਨੂੰ ਸਪੋਰਟ ਕਰੇਗਾ ਅਤੇ ਇਸ ਰਾਹੀਂ ਗਾਹਕ ਖੁਦ ਦਾ 3ਡੀ ਹੋਲੋਗ੍ਰਾਮ ਬਣਾ ਸਕਣਗੇ। ਮੁਕੇਸ਼ ਅੰਬਾਨੀ ਨੇ ਕਿਹਾ ਕਿ ਇਸ ਸਾਲ 5 ਸਤੰਬਰ ਨੂੰ ਜਿਓ ਦੀ ਤੀਜੀ ਵਰੇ੍ਹਗੰਢ ਹੈ। ਜਿਓ ਦੇ ਆਉਣ ਤੋਂ ਪਹਿਲਾਂ ਹਿੰਦੁਸਤਾਨ ਵਿਚ ਡਾਟਾ ਡਾਰਕ ਸੀ ਅਤੇ ਹੁਣ ਭਾਰਤ ਵਿਚ ਡਾਟਾ ਸ਼ਾਈਨਿੰਗ ਹੈ। ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਜਿਓ ਨੇ 500 ਰੁਪਏ ਪ੍ਰਤੀ ਮਹੀਨੇ ਦੀ ਕੀਮਤ 'ਤੇ ਅਮਰੀਕਾ ਅਤੇ ਕੈਨੇਡਾ ਵਿਚ ਕਾਲ ਕਰਨ ਦੀ ਸਹੂਲਤ ਦੇਣ ਲਈ ਕਾਲਿੰਗ ਪਲਾਨ ਲਾਂਚ ਕੀਤਾ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਜਿਓ ਨੇ 34 ਕਰੋੜ ਗਾਹਕਾਂ ਦਾ ਅੰਕੜਾ ਪਾਰ ਕਰ ਲਿਆ ਹੈ ਅਤੇ ਇਕ ਕਰੋੜ ਗਾਹਕ ਹਰ ਮਹੀਨੇ ਜਿਓ ਨਾਲ ਜੁੜ ਰਹੇ ਹਨ। ਜਿਓ ਫਾਈਬਰ ਟੈਰਿਫ ਗਾਹਕ ਸਿਰਫ਼ ਡਾਟਾ ਲਈ ਭੁਗਤਾਨ ਕਰਨਗੇ। ਇਸ ਪਲਾਨ ਵਿਚ ਜਿਓ ਲੈਂਡਲਾਈਨ ਮਿਲੇਗੀ, ਜਿਸ ਰਾਹੀਂ ਦੇਸ਼ ਵਿਚ ਵਾਇਸ ਕਾਲ ਹਮੇਸ਼ਾ ਲਈ ਮੁਫ਼ਤ ਹੋਵੇਗੀ। ਇਸ ਤਹਿਤ ਕੰਪਨੀ ਦੀ ਯੋਜਨਾ 1600 ਸ਼ਹਿਰਾਂ ਵਿਚ ਦੋ ਕਰੋੜਾਂ ਘਰਾਂ ਵਿਚ ਪੁੱਜਣ ਦੀ ਹੈ।

----------------------------