ਨਵੀਂ ਦਿੱਲੀ: ਜੈੱਟ ਏਅਰਵੇਜ਼ ਦੇ ਪਾਇਲਟ ਸੰਗਠਨ ਨੈਸ਼ਨਲ ਏਵੀਏਟਰਜ਼ ਗਿਲਡਬ ਨੇ ਸੋਮਵਾਰ ਨੂੰ ਅਪੀਲ ਕੀਤੀ ਕਿ ਭਾਰਤੀ ਸਟੇਟ ਬੈਂਕ (SBI) 1,500 ਕਰੋੜ ਰੁਪਏ ਜਾਰੀ ਕਰੇ। ਆਰਥਿਕ ਸੰਕਟ ਨਾਲ ਜੂਝ ਰਹੀ ਜੈੱਟ ਏਅਰਵੇਜ਼ ਲਈ ਪਿਛਲੇ ਮਹੀਨੇ ਹੀ ਕਰਜ਼ ਮੁੜ ਗਠਨ ਦੀ ਯੋਜਨਾ ਅਧੀਨ ਇਹ ਕੀਤਾ ਗਿਆ ਸੀ।

ਹਾਲੇ ਜੈੱਟ ਏਅਰਵੇਜ਼ ਦੇ ਸਿਰਫ਼ 6-7 ਜਹਾਜ਼ ਉਡਾਨਾਂ ਭਰ ਰਹੇ ਹਨ। ਨੈਸ਼ਨਲ ਏਵੀਏਟਰਜ਼ ਗਿਲਡਬ ਦੇ ਮੀਤ ਪ੍ਰਧਾਨ ਆਦਿਮ ਵਲਿਆਨੀ ਨੇ ਜੈੱਟ ਏਅਰਵੇਜ਼ ਦੇ ਮੁੰਬਈ ਸਥਿਤ ਹੈੱਡਕੁਆਰਟਰ ਸਿਰੋਯਾ ਸੈਂਟਰ 'ਚ ਪੱਤਰਕਾਰਾਂ ਨੂੰ ਦੱਸਿਆ, 'ਅਸੀਂ ਐੱਸਬੀਆਈ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਕਿ ਉਹ 1,500 ਕਰੋੜ ਰੁਪਏ ਦਾ ਫੰਡ ਜਾਰੀ ਕਰ ਏਅਰਲਾਈਨ ਸੰਚਾਲਨ 'ਚ ਮਦਦ ਕਰੇ। ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਜੈੱਟ ਏਅਰਵੇਜ਼ 'ਚ ਕੰਮ ਕਰ ਰਹੇ ਲਗਪਗ 20,000 ਮੁਲਾਜ਼ਮਾਂ ਦੀ ਨੌਕਰੀ ਬਚਾਏ।'

ਇਸ ਤੋਂ ਪਹਿਲਾਂ ਜੈੱਟ ਏਅਰਵੇਜ਼ ਦੇ ਪਾਇਲਟ, ਇੰਜੀਨੀਅਰ ਅਤੇ ਕੈਬਿਨ ਕਰੂ ਦੇ ਮੈਂਬਰਾਂ ਹੈੱਡਕੁਆਰਟਰ 'ਚ ਇਕੱਠੇ ਹੋ ਕੇ ਆਪਣੀ ਏਕਤਾ ਦਾ ਪ੍ਰਦਰਸ਼ਨ ਕੀਤਾ। ਦੱਸਣਾ ਬਣਦਾ ਹੈ ਕਿ ਜੈੱਟ ਏਅਰਵੇਜ਼ ਦੇ ਪਾਇਲਟ ਅਤੇ ਇੰਜੀਨੀਅਰਜ਼ ਨੂੰ ਦਸੰਬਰ 2018 'ਚ ਆਖ਼ਰੀ ਸੈਲਰੀ ਮਿਲੀ ਸੀ।

Posted By: Akash Deep