ਨਵੀਂ ਦਿੱਲੀ : ਭਾਰਤੀ ਸਟੇਟ ਬੈਂਕ ਦੀ ਅਗਵਾਈ ਵਾਲਾ ਬੈਂਕਾਂ ਦਾ ਸਮੂਹ ਜੈੱਟ ਏਅਰਵੇਜ਼ ਨੂੰ 1500 ਕਰੋੜ ਰੁਪਏ ਦੀ ਐਮਰਜੈਂਸੀ ਮਦਦ ਮੁਹੱਈਆ ਕਰਵਾਉਣ ਨੂੰ ਲੈ ਕੇ ਸੋਮਵਾਰ ਨੂੰ ਵੀ ਕਿਸੇ ਨਤੀਜੇ 'ਤੇ ਨਹੀਂ ਪੁੱਜ ਸਕਿਆ। ਹੁਣ ਉਹ ਇਸ ਮਸਲੇ 'ਤੇ ਮੰਗਲਵਾਰ ਨੂੰ ਫਿਰ ਬੈਠਕ ਕਰੇਗਾ। ਇਸ ਨੂੰ ਵੇਖਦੇ ਹੋਏ ਜੈੱਟ ਏਅਰਵੇਜ਼ ਨੇ ਆਪਣੀ ਕੌਮਾਂਤਰੀ ਉਡਾਣਾਂ 'ਤੇ ਰੋਕ ਦੀ ਮਿਆਦ ਨੂੰ ਹੁਣ ਇਸ ਹਫ਼ਤੇ ਸ਼ੁੱਕਰਵਾਰ ਤਕ ਵਧਾਉਣ ਦਾ ਐਲਾਨ ਕਰ ਦਿੱਤਾ ਹੈ। ਇਸ ਵਿਚਾਲੇ, ਜੈੱਟ ਏਅਰਵੇਜ਼ ਦੇ ਪਾਇਲਟਾਂ ਨੇ ਮੁੰਬਈ ਸਥਿਤ ਮੁੱਖ ਦਫ਼ਤਰ 'ਚ ਇਕੱਤਰ ਹੋ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ 20 ਹਜ਼ਾਰ ਕਰਮਚਾਰੀਆਂ ਦੀ ਨੌਕਰੀ ਦਾ ਹਵਾਲਾ ਦੇ ਕੇ ਜੈੱਟ ਏਅਰਵੇਜ਼ ਦੇ ਸੰਕਟ 'ਚ ਦਖ਼ਲਅੰਦਾਜ਼ੀ ਕਰਨ ਦਾ ਅਪੀਲ ਕੀਤੀ ਹੈ।

ਜੈੱਟ ਏਅਰਵੇਜ਼ ਦੇ ਮੁੱਖ ਕਾਰਜਕਾਰੀ ਅਧਿਕਾਰੀ ਵਿਨੇ ਦੁਬੇ ਨੇ ਇਕ ਅੰਦਰੂਨੀ ਸੰਦੇਸ਼ 'ਚ ਕਿਹਾ, 'ਐਮਰਜੈਂਸੀ ਫੰਡਿੰਗ ਬਾਰੇ ਬੈਂਕ ਕਿਸੇ ਸਿੱਟੇ 'ਤੇ ਨਹੀਂ ਪੁੱਜ ਸਕੇ ਹਨ। ਲਿਹਾਜਾ ਉਹ ਮੰਗਲਵਾਰ ਨੂੰ ਵੀ ਬੈਠਕ ਕਰਨਗੇ। ਇਸ ਨੂੰ ਵੇਖਦੇ ਹੋਏ ਹੁਣ ਅਸੀਂ ਆਪਣੀਆਂ ਕੌਮਾਂਤਰੀ ਉਡਾਣਾਂ ਨੂੰ ਸ਼ੁੱਕਰਵਾਰ ਤਕ ਰੱਦ ਰੱਖਣ ਦਾ ਫ਼ੈਸਲਾ ਕੀਤਾ ਹੈ। ਅਸੀਂ ਤੁਹਾਨੂੰ ਵਸਤੂਸਥਿਤੀ ਬਾਰੇ ਲਗਾਤਾਰ ਜਾਣੂ ਕਰਵਾਉਂਦੇ ਰਹਾਂਗੇ।'

ਐੱਸਬੀਆਈ ਦੀ ਅਗਵਾਈ ਵਾਲੇ ਬੈਂਕਾਂ ਦੇ ਸਮੂਹ ਨੇ 25 ਮਾਰਚ ਨੂੰ ਜੈੱਟ ਏਅਰਵੇਜ਼ ਲਈ ਕਰਜ਼ ਸਮਾਧਾਨ ਯੋਜਨਾ ਨੂੰ ਮਨਜ਼ੂਰੀ ਦਿੱਤੀ ਸੀ। ਇਸ ਤਹਿਤ ਜੈੱਟ ਨੂੰ 1500 ਕਰੋੜ ਰੁਪਏ ਦਾ ਕਰਜ਼ ਦੇਣ ਤੇ ਬਦਲੇ 'ਚ ਉਸ ਦੀ ਬਹੁਮਤ ਇਕਵਿਟੀ ਹਾਸਲ ਕਰਨ ਦਾ ਫ਼ੈਸਲਾ ਲਿਆ ਸੀ। ਇਸ ਮਗਰੋਂ ਸੰਸਥਾਪਕ ਚੇਅਰਮੈਨ ਨਰੇਸ਼ ਗੋਇਲ ਤੇ ਉਨ੍ਹਾਂ ਦੀ ਪਤਨੀ ਅਨਿਤਾ ਗੋਇਲ ਦੀ ਇਕਵਿਟੀ ਘਟ ਕੇ 25 ਫ਼ੀਸਦੀ ਰਹਿ ਗਈ ਸੀ ਤੇ ਉਨ੍ਹਾਂ ਨੂੰ ਜੈੱਟ ਦੇ ਬੋਰਡ ਤੋਂ ਅਸਤੀਫਾ ਦੇਣਾ ਪਿਆ ਸੀ। ਪਰ ਬੈਂਕਾਂ ਨੇ ਹੁਣ ਤਕ ਸਿਰਫ 300 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ। ਇਸ ਕਾਰਨ ਜੈੱਟ ਨਾ ਤਾਂ ਕਰਮਚਾਰੀਆਂ ਨੂੰ ਤਨਖਾਹ ਦੇ ਪਾ ਰਹੀ ਹੈ ਤੇ ਨਾ ਜਹਾਜ਼ਾਂ ਲਈ ਈਂਧਨ ਦਾ ਇੰਤਜਾਮ ਕਰ ਪਾ ਰਹੀ ਹੈ। ਇਸ ਸਮੇਂ ਉਸ ਦੇ ਸਿਰਫ ਸੱਤ ਜਹਾਜ਼ ਘਰੇਲੂ ਉਡਾਣ ਭਰ ਰਹੇ ਹਨ। ਫੰਡ ਮਿਲਣ ਦੀ ਉਮੀਦ 'ਚ ਪਾਇਲਟਾਂ, ਇੰਜੀਨੀਅਰਾਂ ਤੇ ਅਧਿਕਾਰੀਆਂ ਨੇ 15 ਅਪ੍ਰਰੈਲ ਤੋਂ ਪ੍ਰਸਤਾਵਿਤ ਆਪਣੀ ਹੜਤਾਲ ਨੂੰ ਫਿਲਹਾਲ ਟਾਲ ਰੱਖਿਆ ਹੈ।

ਇਸ ਵਿਚਾਲੇ ਸੋਮਵਾਰ ਸਵੇਰੇ ਮੁੰਬਈ 'ਚ ਜੈੱਟ ਏਅਰਵੇਜ਼ ਦੇ ਪਾਇਲਟਾਂ, ਇੰਜੀਨੀਅਰਾਂ, ਕੇਬਿਨ ਕਰੂ ਮੈਂਬਰਾਂ ਤੇ ਸੀਨੀਅਰ ਅਧਿਕਾਰੀਆਂ ਨੇ ਨੈਸ਼ਨਲ ਐਵੀਏਟਰਜ਼ ਗਿਲਡ 'ਨਾਗ' ਦੇ ਬੈਨਰ ਹੇਠ ਏਅਰਲਾਈਨ ਸਿਰੋਆ ਸੈਂਟਰ ਸਥਿਤ ਮੁੱਖ ਦਫ਼ਤਰ 'ਚ ਇਕੱਤਰ ਹੋ ਕੇ ਕੰਪਨੀ ਨੂੰ ਬਚਾਉਣ ਲਈ ਸਾਰੇ ਧਿਰਾਂ ਤੋਂ ਸਹਿਯੋਗ ਦਾ ਸੱਦਾ ਕੀਤਾ। ਇਕ ਪਾਸੇ ਉਨ੍ਹਾਂ ਐੱਸਬੀਆਈ ਤੋਂ 1500 ਕਰੋੜ ਰੁਪਏ ਦੀ ਐਮਰਜੈਂਸੀ ਮਦਦ ਰਾਸ਼ੀ ਤੁਰੰਤ ਜਾਰੀ ਕਰਨ ਦੀ ਅਪੀਲ ਕੀਤੀ। ਦੂਜੇ ਪਾਸੇ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਿਅਕਤੀਗਤ ਰੂਪ ਨਾਲ ਦਖ਼ਲਅੰਦਾਜ਼ੀ ਕਰਕੇ 20,000 ਲੋਕਾਂ ਦੀ ਨੌਕਰੀ ਲਈ ਏਅਰਲਾਈਨ ਨੂੰ ਬਚਾਉਣ ਦੀ ਅਪੀਲ ਕੀਤੀ। ਇਸ ਮੌਕੇ ਨਾਗ ਦੇ ਵਾਈਸ ਪ੍ਰਰੈਜ਼ੀਡੈਂਟ ਆਦਿਮ ਵਾਲਿਆਨੀ ਨੇ ਕਿਹਾ, 'ਅਸੀਂ ਐੱਸਬੀਆਈ ਤੋਂ 1500 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰਨ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਏਅਰਲਾਈਨ ਦੀਆਂ 20 ਹਜ਼ਾਰ ਨੌਕਰੀਆਂ ਬਚਾਉਣ ਦੀ ਅਪੀਲ ਵੀ ਕਰਨਾ ਚਾਹੁੰਦੇ ਹਾਂ।

ਉਧਰ ਜੈੱਟ ਏਅਰਵੇਜ਼ ਦੇ ਸੰਸਥਾਪਕ ਨਰੇਸ਼ ਗੋਇਲ ਬਾਰੇ ਸੂਚਨਾ ਮਿਲੀ ਹੈ ਕਿ ਉਨ੍ਹਾਂ 12 ਅਪ੍ਰਰੈਲ ਨੂੰ ਆਖ਼ਰੀ ਸਮੇਂ 'ਚ ਜੋ ਐਕਸਪ੍ਰਰੈਸ਼ਨ ਆਫ਼ ਇੰਟਰੈਸਟ (ਈਓਆਈ) ਬੋਲੀ ਲਗਾਈ ਸੀ, ਉਹ ਗੋਇਲ ਦੀ ਜਨਰਲ ਸੇਲਜ਼ ਏਜੰਸੀ ਜੈੱਟਏਅਰ ਪ੍ਰਰਾ. ਲਿ. ਵੱਲੋਂ ਲਗਾਈ ਗਈ ਸੀ ਤੇ ਉਸ ਨੂੰ ਡੇਲਾਵੇਅਰ ਦੀ ਕੰਪਨੀ ਫਿਊਚਰ ਟਰੇਂਡ ਕੈਪੀਟਲ ਦਾ ਸਮਰਥਨ ਹਾਸਲ ਹੈ। ਜੈੱਟਏਅਰ ਦੀ ਸਥਾਪਨਾ 1974 'ਚ ਵਿਸ਼ਵ ਦੀਆਂ 17 ਏਅਰਲਾਈਨਜ਼ ਕੰਪਨੀਆਂ ਨੇ ਮਿਲ ਕੇ ਕੀਤੀ ਸੀ, ਜਦਕਿ ਜੈੱਟ ਏਅਰਵੇਜ਼ ਦੀ ਸਥਾਪਨਾ 1993 'ਚ ਹੋਈ ਸੀ। ਜੈੱਟਏਅਰ ਦੀ ਬੋਲੀ 'ਚ ਫਿਊਚਰ ਟਰੈਂਡ ਤੋਂ ਇਲਾਵਾ ਲੰਡਨ ਦੀ ਫਰਮ ਆਦਿ ਪਾਰਟਨਰਜ਼ ਦੇ ਸਹਿਯੋਗ ਦੀ ਵੀ ਖ਼ਬਰ ਹੈ। ਐੱਸਬੀਆਈ ਦੇ ਚੇਅਰਮੈਨ ਰਜਨੀਸ਼ ਕੁਮਾਰ ਵੀ ਇਹ ਸਪੱਸ਼ਟ ਕਰ ਚੁੱਕੇ ਹਨ ਕਿ ਨਿਯਮਾਂ ਅਨੁਸਾਰ ਕੋਈ ਵੀ ਵਿਅਕਤੀ ਜੈੱਟ ਏਅਰਵੇਜ਼ ਲਈ ਬੋਲੀ ਲਗਾ ਸਕਦਾ ਹੈ। ਬੱਸ ਸ਼ਰਤ ਇੰਨੀ ਹੈ ਕਿ ਉਹ ਵਿੱਤੀ ਨਿਵੇਸ਼ਕ ਜਾਂ ਏਅਰਲਾਈਨ ਉਦਯੋਗ ਨਾਲ ਹੋਣਾ ਚਾਹੀਦਾ। ਇਨ੍ਹਾਂ 'ਚ ਨਰੇਸ਼ ਗੋਇਲ ਸ਼ਾਮਲ ਹੈ।