ਜੇਐੱਨਐੱਨ, ਨਵੀਂ ਦਿੱਲੀ : ਲੋਹਾ, ਸਰੀਆ, ਏਗੰਲ, ਆਇਰਨ ਸ਼ੀਟ ਤੇ ਸਟੀਲ ਦੀਆਂ ਕੀਮਤਾਂ ’ਚ ਭਾਰੀ ਉਛਾਲ ਨਾਲ ਹਾਰਡਵੇਅਰ ਉਦਯੋਗ ਮੁਸ਼ਕਲ ’ਚ ਪੈ ਗਿਆ ਹੈ। ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ ਤੇ ਦਿੱਲੀ ਸਮੇਤ ਦੇਸ਼ਭਰ ਦੇ ਮੁੱਖ ਬਾਜ਼ਾਰਾਂ ’ਚ ਆਇਰਨ-ਸਟੀਲ ਕੱਚੇ ਮਾਲ ਦਾ ਭਾਅ 10,000 ਰੁਪਏ ਪ੍ਰਤੀ ਟਨ ਤਕ ਵੱਧ ਗਿਆ ਹੈ। ਇਸ ਨਾਲ ਛੋਟੇ ਉਦਯੋਗ ਬੰਦੀ ਦੇ ਕਗਾਰ ’ਤੇ ਪਹੁੰਚ ਗਏ ਹਨ। ਪਹਿਲੀ ਅਪ੍ਰੈਲ ਤੋਂ ਕੱਚਾ ਮਾਲ ਦੇਣ ਵਾਲੀਆਂ ਵੱਡੀਆਂ ਉਦਯੋਗ ਇਕਾਈਆਂ ਨੇ ਮਾਲ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਸਰਕਾਰੀ ਆਰਡਰ ਨਾਲ ਜੁੜੇ ਉਦਮੀਆਂ ਦੀ ਦਿੱਕਤ ਹੋਰ ਜ਼ਿਆਦਾ ਵੱਧ ਗਈ ਹੈ। ਇਸ ਦੀ ਵਜ੍ਹਾ ਇਹ ਹੈ ਕਿ ਜਿਸ ਦਰ ’ਤੇ ਉਨ੍ਹਾਂ ਨੇ ਸਪਲਾਈ ਦਾ ਆਰਡਰ ਲਿਆ ਹੈ, ਡਲਿਵਰੀ ਉਸੇ ਰੇਟ ’ਤੇ ਦੇਣੀ ਹੋਵੇਗੀ।

ਸਟੀਲ ਟੂਲਜ਼ ਐਂਡ ਹਾਰਡਵੇਅਰ ਟ੍ਰੇਡਰਜ਼ ਐਸੋਸੀਏਸ਼ਨ ਦੇ ਉੱਚ ਸਕੱਤਰ ਬਲਦੇਵ ਗੁਪਤਾ ਨੇ ਕਿਹਾ ਕਿ ਜੋ ਲੋਹਾ ਪਹਿਲਾਂ 40 ਰੁਪਏ ਪ੍ਰਤੀ ਕਿੱਲੋ ’ਚ ਮਿਲ ਜਾਂਦਾ ਸੀ, ਉਹ ਹੁਣ 69 ਰੁਪਏ ਕਿੱਲੋ ਤਕ ’ਚ ਉਨ੍ਹਾਂ ਨੂੰ ਉਪਲੱਬਧ ਹੋਵੇਗਾ। ਚਿੰਤਾਜਨਕ ਗੱਲ ਇਹ ਹੈ ਕਿ ਸਾਰੀਆਂ ਕੰਪਨੀਆਂ ਗੱਠਜੋੜ ਕਰ ਕੇ ਇਕੱਠੇ ਰੇਟ ਵਧਾ ਰਹੀਆਂ ਹਨ। ਇਸ ਦਾ ਅਸਰ ਇਹ ਹੈ ਕਿ ਛੋਟੀਆਂ ਕੰਪਨੀਆਂ ਦਾ ਕਾਰੋਬਾਰ ਇਸ ਕੋਰੋਨਾ ਤੇ ਰੇਟ ਦੇ ਵਾਧੇ ਕਾਰਨ 30 ਤੋਂ 40 ਫ਼ੀਸਦ ਤਕ ਪ੍ਰਭਾਵਿਤ ਹੋਵੇਗਾ।

ਕਾਨਪੁਰ ’ਚ ਲਘੂ ਉਦਯੋਗ ਭਾਰਤੀ ਦੇ ਪ੍ਰੈਜ਼ੀਡੈਂਟ ਹਰਿੰਦਰ ਮੂਰਜਾਨੀ ਨੇ ਕਿਹਾ ਕਿ ਐੱਮਐੱਸਐੱਮਈ ਬੰਦ ਹੋਣ ਦੀ ਕਗਾਰ ’ਤੇ ਪਹੁੰਚ ਗਈ ਹੈ। ਇਕ ਵਾਰ ਆਰਡਰ ਤੋਂ ਬਾਅਦ ਰੇਟ ਨਹੀਂ ਵੱਧਦੇ ਹਨ। ਅਜਿਹੇ ’ਚ ਉਤਪਾਦ ਬਣਾਉਣ ਲਈ ਕੱਚਾ ਮਾਲ ਇਕੱਠਾ ਕਰਨ ’ਚ ਮੁਸ਼ਕਲਾਂ ਪੈਦਾ ਹੋਣਗੀਆਂ।

Posted By: Sunil Thapa