ਨਵੀਂ ਦਿੱਲੀ (ਪੀਟੀਆਈ) : ਬੀਮਾ ਰੈਗੂਲੇਟਰੀ ਇਰਡਾ (IRDA) ਨੇ ਬੀਮਾ ਕੰਪਨੀਆਂ ਨੂੰ ਕਿਹਾ ਹੈ ਕਿ ਉਹ ਕੈਸ਼ਲੈੱਸ ਆਧਾਰ ’ਤੇ ਦਾਅਵਿਆਂ ਦਾ ਛੇਤੀ ਨਿਪਟਾਰਾ ਯਕੀਨੀ ਬਣਾਏ। ਇਰਡਾ ਨੂੰ ਇਸ ਤਰ੍ਹਾਂ ਦੀਆਂ ਕਈ ਸ਼ਿਕਾਇਤਾਂ ਮਿਲੀਆਂ ਹਨ ਜਿਨ੍ਹਾਂ ’ਚ ਕਿਹਾ ਗਿਆ ਹੈ ਕਿ ਬਹੁਤ ਸਾਰੇ ਹਸਪਤਾਲ ਬੀਮਾ ਧਾਰਕਾਂ ਤੋਂ ਕੋਵਿਡ-19 ਦੇ ਇਲਾਜ ਲਈ ਨਕਦ ਭੁਗਤਾਨ ’ਤੇ ਜ਼ੋਰ ਦੇ ਰਹੇ ਹਨ। ਇਰਡਾ ਨੇ ਹਸਪਤਾਲ ਨੂੰ ਦਾਖਲ ਹੋਣ ਜਾਂ ਇਲਾਜ ਲਈ ਆ ਰਹੇ ਮਰੀਜ਼ਾਂ ’ਚ ਭੇਦਭਾਵ ਨਾ ਕਰਨ ਦਾ ਨਿਰਦੇਸ਼ ਦਿੱਤਾ ਹੈ। ਰੈਗੂਲੇਟਰੀ ਦੇ ਮੁਤਾਬਕ, ਕੁਝ ਹਸਪਤਾਲਾਂ ਵੱਲੋਂ ਕੋਰੋਨਾ ਮਰੀਜ਼ਾਂ ਤੋਂ ਬਹੁਤ ਜ਼ਿਆਦਾ ਫੀਸ ਲੈਣ ਤੇ ਬੀਮਾ ਕੰਪਨੀਆਂ ਨਾਲ ਕੈਸ਼ਲੈੱਸ ਵਿਵਸਥਾ ਦੇ ਬਾਵਜੂਦ ਪਾਲਿਸੀਧਾਰਕਾਂ ਤੋਂ ਨਕਦ ਭੁਗਤਾਨ ’ਤੇ ਜ਼ੋਰ ਦੇਣ ਦੀਆਂ ਖ਼ਬਰਾਂ ਹਨ।

ਰੈਗੂਲੇਟਰੀ ਨੇ ਇਕ ਸਰਕੂਲਰ ’ਚ ਕਿਹਾ ਕਿ ਸਿਹਤ ਬੀਮਾ ਪਾਲਿਸੀ ਤਹਿਤ ਕੈਸ਼ਲੈੱਸ ਦਾਅਵਿਆਂ ਦੇ ਮਾਮਲੇ ’ਚ ਬੀਮਾ ਕੰਪਨੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਹਸਪਤਾਲ ਨਾਲ ਸੇਵਾ ਪੱਧਰ ਸਮਝੌਤਿਆਂ (ਐੱਸਐੱਲਏ) ਮੁਤਾਬਕ ਕੈਸ਼ਲੈੱਸ ਆਧਾਰ ’ਤੇ ਅਜਿਹੇ ਦਾਅਵਿਆਂ ਦਾ ਤੇਜ਼ੀ ਨਾਲ ਨਿਪਟਾਰਾ ਯਕੀਨੀ ਬਣਾਉਣ। ਇਸ ਵਿਚ ਬੀਮਾਕਰਤਾਵਾਂ ਨੂੰ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਹਸਪਤਾਲ ਪਾਲਿਸੀਧਾਰਕ ਤੋਂ ਸਹਿਮਤ ਦਰਾਂ ਮੁਤਾਬਕ ਫੀਸ ਲੈਣ ਅਤੇ ਇਸ ਵਿਚ ਕਿਸੇ ਤਰ੍ਹਾਂ ਦਾ ਭੇਦਭਾਵ ਨਾ ਹੋਵੇ। ਇਕ ਵੱਖਰੇ ਬਿਆਨ ’ਚ ਇਰਡਾ ਨੇ ਕਿਹਾ ਕਿ ਪਾਲਿਸੀਧਾਰਕਾਂ ਤੋਂ ਵਾਧੂ ਦਰਾਂ ਦੀ ਵਸੂਲੀ, ਐਡਵਾਂਸ ਜਮ੍ਹਾਂ ਰਾਸ਼ੀ ਦੀ ਮੰਗ ਕਰਨਾ ਤੇ ਕੈਸ਼ਲੈੱਸ ਇਲਾਜ ਤੋਂ ਇਨਕਾਰ ਕਰਨਾ ਪਾਲਿਸੀਧਾਰਕਾਂ ਦੇ ਹਿੱਤਾਂ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੀ ਹੈ, ਇਹ ਹਸਪਤਾਲ ਤੇ ਬੀਮਾ ਕੰਪਨੀਆਂ ਵਿਚਾਲੇ ਸੇਵਾ ਪੱਧਰ ਸਮਝੌਤੇ ਦੀ ਵੀ ਉਲੰਘਣਾ ਹੋ ਸਕਦੀ ਹੈ।

Posted By: Seema Anand