ਨਵੀਂ ਦਿੱਲੀ, ਪੀਟੀਆਈ : ਬੀਮਾ ਸਨਅਤ ਦੀ ਰੈਗੂਲੇਟਰੀ ਇਰਡਾ ਨੇ ਇੰਸ਼ੋਰੈਂਸ ਕੰਪਨੀਆਂ ਨੂੰ ਹੁਕਮ ਦਿੱਤਾ ਹੈ ਕਿ ਉਹ ਇਸ ਸਾਲ ਪਹਿਲੀ ਅਪ੍ਰੈਲ ਤੋਂ ਬਾਜ਼ਾਰ 'ਚ ਸਟੈਂਡਰਡ ਐਕਸੀਡੈਂਟ ਇੰਸ਼ੋਰੈਂਸ ਲਿਆਉਣ। ਇਸ ਦਾ ਮਤਲਬ ਇਹ ਹੈ ਕਿ ਸਾਰੀਆਂ ਕੰਪਨੀਆਂ ਵੱਲੋਂ ਲਿਆਂਦੇ ਗਏ ਸਟੈਂਡਰਡ ਪ੍ਰੋਡਕਟ ਦੀਆਂ ਖੂਬੀਆਂ ਤੇ ਸ਼ਰਤਾਂ ਇੱਕੋ ਜਿਹੀਆਂ ਹੋਣੀਆਂ ਚਾਹੀਦੀਆਂ। ਇਸ ਨਾਲ ਗਾਹਕ ਕਿਸੇ ਵੀ ਬੀਮਾ ਕੰਪਨੀ ਤੋਂ ਉਹ ਪ੍ਰੋਡਕਟ ਲੈ ਸਕੇਗਾ। ਇਕ ਸਮਾਨ ਪਾਲਿਸੀ ਹੋਣ ਨਾਲ ਬੀਮੇ ਪ੍ਰਤੀ ਲੋਕਾਂ ਦਾ ਭਰੋਸਾ ਵੀ ਵਧੇਗਾ। ਇਸ ਦਾ ਨਾਂ ਵੀ 'ਸਰਲ ਸੁਰੱਖਿਆ ਬੀਮਾ' ਨਿਰਧਾਰਤ ਕਰ ਦਿੱਤਾ ਗਿਆ ਹੈ।

ਤਜਵੀਜ਼ਸ਼ੁਦਾ ਬੀਮਾ ਬਾਰੇ ਆਪਣੇ ਦਿਸ਼ਾ-ਨਿਰਦੇਸ਼ 'ਚ ਇਰਡਾ ਨੇ ਕਿਹਾ ਕਿ ਇਹ ਆਮ ਤੇ ਸਿਹਤਮੰਦ ਦੋਵਾਂ ਤਰ੍ਹਾਂ ਦੀਆਂ ਬੀਮਾ ਕੰਪਨੀਆਂ ਲਈ ਹੈ। ਬੀਮੇ ਦੀ ਕੁੱਲ ਰਕਮ ਦਾ ਨਿਰਧਾਰਨ 50,000 ਰੁਪਏ ਦੇ ਵਕਫ਼ੇ 'ਤੇ ਹੋਵੇਗਾ। ਸਟੈਂਡਰਡ ਸਕੀਮ 'ਚ ਬੀਮਾ ਕੰਪਨੀਆਂ ਨੂੰ ਆਪਣੇ ਵੱਲੋਂ ਬਦਲ ਜੋੜਨ ਦੀ ਛੋਟ ਵੀ ਦਿੱਤੀ ਗਈ ਹੈ।

ਨਿਰਦੇਸ਼ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਬੀਮੇ 'ਚ ਵਿਅਕਤੀ ਦੀ ਹਾਦਸੇ 'ਚ ਮੌਤ ਤੇ ਪੱਕੀ ਦਿਵਿਆਂਗਤਾਂ ਦੀ ਸਥਿਤੀ 'ਚ ਬੀਮੇ ਦੀ ਕੁੱਲ ਇੰਸ਼ਿਓਰਡ ਰਕਮ ਦਾ ਭੁਗਤਾਨ ਕੀਤਾ ਜਾਵੇਗਾ। ਦੁਰਘਟਨਾ 'ਤੇ ਇਲਾਜ ਤੇ ਹਸਪਤਾਲ 'ਚ ਭਰਤੀ ਹੋਣ ਨਾਲ ਜੁੜੇ ਹਰ ਤਰ੍ਹਾਂ ਦੇ ਖ਼ਰਚੇ ਇਸ ਵਿਚ ਸ਼ਾਮਲ ਰਹਿਣਗੇ। ਬੀਮਾ ਖਰੀਦਣ ਦੀ ਉਮਰ ਹੱਦ 18-70 ਸਾਲ ਦੀ ਰੱਖੀ ਗਈ ਹੈ।

Posted By: Seema Anand