ਨਵੀਂ ਦਿੱਲੀ (ਪੀਟੀਆਈ) : IRCTC ਨੇ ਰੇਲ ਯਾਤਰੀਆਂ ਨੂੰ ਇਕ ਹੋਰ ਸਹੂਲਤ ਦਿੱਤੀ ਹੈ। ਹੁਣ ਅਧਿਕਾਰਤ ਟਿਕਟ ਬੁਕਿੰਗ ਏਜੰਟਾਂ ਜ਼ਰੀਏ ਬੁੱਕ ਕਰਵਾਈਆਂ ਰੇਲ ਟਿਕਟਾਂ ਨੂੰ ਓਟੀਪੀ ਆਧਾਰਿਤ ਵਿਵਸਥਾ ਤਹਿਤ ਕੈਂਸਲ ਕਰਵਾਇਆ ਜਾ ਸਕਦਾ ਹੈ। ਯਾਤਰੀ ਹੁਣ ਏਜੰਟਾਂ ਵੱਲੋਂ ਬੁੱਕ ਕਰਵਾਈਆਂ ਗਈਆਂ ਰੇਲ ਟਿਕਟਾਂ ਓਟੀਪੀ ਦੀ ਬਦੌਲਤ ਕੈਂਸਲ ਕਰਵਾ ਸਕਦੇ ਹਨ ਤੇ ਰਿਫੰਡ ਹਾਸਿਲ ਕਰ ਸਕਦੇ ਹਨ। IRCTC ਵੱਲੋਂ ਜਾਰੀ ਕੀਤੇ ਗਏ ਬਿਆਨ 'ਚ ਕਿਹਾ ਗਿਆ ਹੈ ਕਿ ਟਿਕਟ ਕੈਂਸਲ ਕਰਵਾਉਣ ਦੀ ਇਹ ਪ੍ਰਣਾਲੀ ਆਥਰਾਈਜ਼ਡ ਏਜੰਟਾਂ ਵੱਲੋਂ ਬੁੱਕ ਕੀਤੀਆਂ ਗਈਆਂ ਈ-ਟਿਕਟਾਂ 'ਤੇ ਹੀ ਲਾਗੂ ਹੋਵੇਗੀ।

ਬਿਆਨ 'ਚ ਕਿਹਾ ਗਿਆ ਹੈ ਕਿ ਓਟੀਪੀ ਆਧਾਰਿਤ ਰਿਫੰਡ ਪ੍ਰਕਿਰਿਆ ਗਾਹਕਾਂ ਦੇ ਹਿੱਤ 'ਚ ਸਿਸਟਮ 'ਚ ਹੋਰ ਜ਼ਿਆਦਾ ਪਾਰਦਰਸ਼ਤਾ ਯਕੀਨੀ ਬਣਾਏਗੀ। ਇਹ ਸਹੂਲਤ ਸਰਲ ਹੈ। ਇਸ ਤਹਿਤ ਪੈਸੰਜਰ ਇਹ ਜਾਣ ਸਕਣਗੇ ਕਿ ਏਜੰਟ ਜਿਹੜੀ ਟਿਕਟ ਕੈਂਸਲ ਕਰਵਾ ਰਿਹਾ ਹੈ, ਉਸ ਦੇ ਬਦਲੇ ਅਸਲ ਵਿਚ ਕਿੰਨੇ ਪੈਸੇ ਰਿਫੰਡ ਵਜੋਂ ਮਿਲ ਰਹੇ ਹਨ।

ਇਸ ਨਵੀਂ ਵਿਵਸਥਾ ਤਹਿਤ ਜਦੋਂ ਕਦੀ ਗਾਹਕ ਅਧਿਕਾਰਤ ਏਜੰਟ ਜ਼ਰੀਏ ਆਪਣੀ ਟਿਕਟ ਕੈਂਸਲ ਕਰਵਾਉਂਦੇ ਹਨ ਜਾਂ ਪੂਰੀ ਤਰ੍ਹਾਂ ਵੇਟਲਿਸਟਿਡ ਟਿਕਟ ਬੁੱਕ ਕਰਵਾਉਂਦੇ ਹਨ ਤਾਂ ਉਨ੍ਹਾਂ ਦੇ ਮੋਬਾਈਲ 'ਤੇ ਇਕ ਵਨ ਟਾਈਮ ਪਾਸਵਰਡ (OTP) ਤੇ ਰਿਫੰਡ ਦੀ ਰਕਮ ਦੀ ਜਾਣਕਾਰੀ ਮਿਲੇਗੀ। ਗਾਹਕ ਨੂੰ ਇਹ ਓਟੀਪੀ ਏਜੰਟ ਨੂੰ ਦੱਸਣਾ ਪਵੇਗਾ ਜਿਸ ਨੇ ਰਿਫੰਡ ਪ੍ਰਾਪਤ ਕਰਨ ਲਈ ਟਿਕਟ ਬੁੱਕ ਕੀਤੀ ਸੀ।

IRCTC ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅਕਸਰ ਅਜਿਹਾ ਮਾਮਲਾ ਸਾਹਮਣੇ ਆਉਂਦਾ ਹੈ ਕਿ ਏਜੰਟ ਆਪਣੇ ਮੋਬਾਈਲ ਨੰਬਰ ਜ਼ਰੀਏ ਟਿਕਟ ਬੁੱਕ ਕਰਦੇ ਹਨ ਤੇ ਕੈਂਸਲੇਸ਼ਨ ਦੀ ਸਾਰੀ ਜਾਣਕਾਰੀ ਉਨ੍ਹਾਂ ਕੋਲ ਆਉਂਦੀ ਹੈ। ਪੈਸਿਆਂ ਦੇ ਰਿਫੰਡ ਦੀ ਜਾਣਕਾਰੀ ਗਾਹਕਾਂ ਤੋਂ ਲੁਕਾ ਕੇ ਉਨ੍ਹਾਂ ਦਾ ਨੁਕਸਾਨ ਕਰਦੇ ਹਨ। ਹੁਣ ਕਿਉਂਕਿ ਰਿਫੰਡ ਦੀ ਇਹ ਪ੍ਰਕਿਰਿਆ ਓਟੀਪੀ ਆਧਾਰਿਤ ਹੋਵੇਗਾ ਤਾਂ ਗਾਹਕਾਂ ਨੂੰ ਟਿਕਟ ਬੁੱਕ ਕਰਵਾਉਂਦੇ ਸਮੇਂ ਇਹ ਯਕੀਨੀ ਬਣਾਉਣ ਦੀ ਜ਼ਰੂਰਤ ਹੈ ਕਿ ਉਹ ਆਪਣਾ ਮੋਬਾਈਲ ਨੰਬਰ ਦੇ ਰਹੇ ਹਨ।

Posted By: Seema Anand