ਜੇਐੱਨਐੱਨ, ਨਵੀਂ ਦਿੱਲੀ : ਦੁਨੀਆ ਭਰ 'ਚ ਕੋਰੋਨਾ ਵਾਇਰਸ ਦੇ ਫੈਲਣ ਨਾਲ ਇਸ ਗੱਲ ਦੀ ਚਿੰਤਾ ਬਣੀ ਹੋਈ ਹੈ। ਅਰਥਚਾਰੇ 'ਤੇ ਇਸ ਦਾ ਕੀ ਅਸਰ ਪਵੇਗਾ। ਇਹੀ ਵਜ੍ਹਾ ਰਹੀ ਕਿ ਹਫ਼ਤੇ ਦੇ ਆਖ਼ਰੀ ਦਿਨ ਭਾਰਤ ਸਮੇਤ ਆਲਮੀ ਸ਼ੇਅਰ ਬਾਜ਼ਾਰਾਂ 'ਚ ਜ਼ਬਰਦਸਤ ਬਿਕਵਾਲੀ ਦੇਖੀ ਗਈ। ਸ਼ੁੱਕਰਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰ 'ਚ ਭਾਰੀ ਬਿਕਵਾਲੀ ਦੇਖੀ ਗਈ। ਸ਼ੁੱਕਰਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰ ਦਾ ਛੇਵਾਂ ਸੈਸ਼ਨ ਸੀ ਤੇ BSE 'ਤੇ ਸੂਚੀਬੱਧ ਕੰਪਨੀਆਂ ਦੇ ਬਾਜ਼ਾਰ ਪੂੰਜੀਕਰਨ 'ਚ ਇਸ ਮਿਆਦ ਦੌਰਾਨ 11,76,985.88 ਲੱਖ ਕਰੋੜ ਰੁਪਏ ਦੀ ਕਮੀ ਆਈ।

ਲਗਾਤਾਰ ਛੇਵੇਂ ਦਿਨ ਸ਼ੇਅਰ ਬਾਜ਼ਾਰ 'ਚ ਗਿਰਾਵਟ ਦਾ ਦੌਰ ਜਾਰੀ ਰਿਹਾ। ਬੀਐੱਸਈ ਦਾ ਸੈਂਸੇਕਸ 1,448.37 ਅੰਕ ਜਾਂ 3.64 ਫ਼ੀਸਦੀ ਦੀ ਗਿਰਾਵਟ ਨਾਲ 38,297.29 'ਤੇ ਬੰਦ ਹੋਇਆ। ਇਸ ਗਿਰਾਵਟ ਨਾਲ ਨਿਵੇਸ਼ਕਾਂ ਦੇ 5,46,287.76 ਕਰੋੜ ਰੁਪਏ ਸੁਆਹ ਹੋ ਗਏ। ਇਸ ਤੋਂ ਬਾਅਦ ਬੀਐੱਸਈ ਦਾ ਬਾਜ਼ਾਰ ਪੂੰਜੀਕਰਨ ਘਟ ਕੇ 1,46,93,797.43 ਕਰੋੜ ਰੁਪਏ ਰਹਿ ਗਿਆ। ਵੀਰਵਾਰ ਨੂੰ ਕਾਰੋਬਾਰੀ ਸੈਸ਼ਨ ਦੀ ਸਮਾਪਤੀ ਤੋਂ ਬਾਅਦ ਬੀਐੱਸ 'ਤੇ ਸੂਚੀਬੱਧ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ 1,52,40,024.08 ਕਰੋੜ ਰੁਪਏ ਸੀ।

ਕਾਰੋਬਾਰੀਆਂ ਨੇ ਦੱਸਿਆ ਕਿ ਵਿਦੇਸ਼ੀ ਨਿਵੇਸ਼ਕਾਂ ਵੱਲੋਂ ਪੈਸੇ ਦੀ ਨਿਕਾਸੀ ਕਾਰਨ ਨਿਵੇਸ਼ ਧਾਰਨਾ ਪ੍ਰਭਾਵਿਤ ਹੋਈ। ਐਕਸਚੇਂਜ 'ਤੇ ਉਪਲਬਧ ਅੰਕੜਿਆਂ ਅਨੁਸਾਰ, ਸ਼ੁੱਧ ਰੂਪ 'ਚ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (FII) ਨੇ ਵੀਰਵਾਰ ਨੂੰ ਸ਼ੇਅਰਾਂ 'ਚ 3,127.36 ਕਰੋੜ ਰੁਪਏ ਦੀ ਬਿਕਵਾਲੀ ਕੀਤੀ ਸੀ। ਸਟੌਕ ਐਕਸਚੇਂਜ ਦੇ ਅਸਥਾਈ ਅੰਕੜਿਆਂ ਅਨੁਸਾਰ, ਵਿਦੇਸ਼ੀ ਨਿਵੇਸ਼ਕਾਂ ਨੇ ਇਸ ਹਫ਼ਤੇ ਸ਼ੇਅਰਾਂ 'ਚ 9,389 ਕਰੋੜ ਰੁਪਏ ਦੀ ਬਿਕਵਾਲੀ ਕੀਤੀ ਹੈ।

Posted By: Seema Anand