ਜੇਐੱਨਐੱਨ, ਨਵੀਂ ਦਿੱਲੀ : ਸਰਕਾਰ ਇਸ ਮਹੀਨੇ ਤੋਂ ਆਧਾਰ ਡਿਟੇਲ ਦੇਣ 'ਤੇ ਤੁਰੰਤ ਆਨਲਾਈਨ ਪੈਨ ਕਾਰਡ ਜਾਰੀ ਕਰਨ ਦੀ ਸਹੂਲਤ ਸ਼ੁਰੂ ਕਰੇਗੀ, ਮਾਲੀਆ ਸਕੱਤਰ ਅਜੈ ਭੂਸ਼ਣ ਪਾਂਡੇ ਨੇ ਇਹ ਜਾਣਕਾਰੀ ਦਿੱਤੀ। ਬਜਟ 2020-21 'ਚ ਇਕ ਸਿਸਟਮ ਸ਼ੁਰੂ ਕਰਨ ਦਾ ਪ੍ਰਸਤਾਵ ਰੱਖਿਆ ਗਿਆ ਜਿਸ ਤਹਿਤ ਆਧਾਰ 'ਤੇ ਸਥਾਈ ਖਾਤਾ ਨੰਬਰ (PAN) ਤੁਰੰਤ ਆਨਲਾਈਨ ਅਲਾਟ ਕੀਤਾ ਜਾਵੇਗਾ, ਇਸ ਦੇ ਲਈ ਅਪਲਾਈ ਫਾਰਮ 'ਚ ਡਿਟੇਲ ਭਰਨ ਦੀ ਵੀ ਜ਼ਰੂਰਤ ਨਹੀਂ ਹੈ। ਇਸ ਤਰ੍ਹਾਂ ਪੈਨ ਅਲਾਟਮੈਂਟ ਦੀ ਪ੍ਰਕਿਰਿਆ ਹੋਰ ਸੁਖਾਲੀ ਹੋ ਜਾਵੇਗੀ। ਇਹ ਪੁੱਛੇ ਜਾਣ 'ਤੇ ਕਿ ਸਹੂਲਤ ਕਦੋਂ ਸ਼ੁਰੂ ਕੀਤੀ ਜਾਵੇਗੀ, ਪਾਂਡੇ ਨੇ ਕਿਹਾ- 'ਸਿਸਟਮ ਤਿਆਰ ਹੋ ਰਿਹਾ ਹੈ, ਇਸ ਮਹੀਨੇ ਤੋਂ ਸਹੂਲਤ ਸ਼ੁਰੂ ਹੋ ਜਾਵੇਗੀ।'

ਇਹ ਸਹੂਲਤ ਕਿਵੇਂ ਕੰਮ ਕਰੇਗੀ, ਇਸ ਬਾਰੇ ਉਨ੍ਹਾਂ ਕਿਹਾ ਕਿ ਇਸ ਦੇ ਲਈ ਵਿਅਕਤੀ ਆਮਦਨ ਕਰ ਵਿਭਾਗ ਦੀ ਵੈੱਬਸਾਈਟ 'ਤੇ ਜਾ ਸਕਦਾ ਹੈ ਤੇ ਆਧਾਰ ਨੰਬਰ ਦਰਜ ਕਰ ਸਕਦਾ ਹੈ। ਆਧਾਰ ਰਜਿਸਟਰਡ ਮੋਬਾਈਲ ਨੰਬਰ 'ਤੇ ਇਕ ਪਾਸਵਰਡ (ਓਟੀਪੀ) ਭੇਜਿਆ ਜਾਵੇਗਾ। ਆਧਾਰ ਦੀ ਡਿਟੇਲ ਵੈਰੀਫਾਈ ਕਰਨ ਲਈ ਓਟੀਪੀ ਦਾ ਇਸਤੇਮਾਲ ਹੋਵੇਗਾ। ਇਸ ਤੋਂ ਬਾਅਦ ਪੈਨ ਤੁਰੰਤ ਅਲਾਟ ਕਰ ਦਿੱਤਾ ਜਾਵੇਗਾ। ਵਿਅਕਤੀ e-PAN ਕਾਰਡ ਡਾਊਨਲੋਡ ਕਰ ਸਕਦਾ ਹੈ।

ਇਸ ਦਾ ਸਭ ਤੋਂ ਵੱਡਾ ਫਾਇਦਾ ਇਹ ਹੋਵੇਗਾ ਕਿ ਕਰਦਾਤਾ ਨੂੰ ਅਪਲਾਈ ਫਾਰਮ ਭਰਨ ਤੇ ਉਸ ਨੂੰ ਕਰ ਵਿਭਾਗ 'ਚ ਜਮ੍ਹਾਂ ਕਰਨ ਦੇ ਝੰਜਟ ਤੋਂ ਛੁਟਕਾਰਾ ਮਿਲ ਜਾਵੇਗਾ। ਇਸ ਤੋਂ ਇਲਾਵਾ ਕਰਦਾਤਾ ਦੇ ਰਿਹਾਇਸ਼ੀ ਪਤੇ 'ਤੇ ਪੈਨ ਕਾਰਡ ਭੇਜਣ ਦੀ ਟੈਕਸ ਵਿਭਾਗ ਦੀ ਪ੍ਰਕਿਰਿਆ 'ਚ ਵੀ ਆਸਾਨੀ ਹੋਵੇਗੀ। ਦੱਸ ਦੇਈਏ ਕਿ ਸਰਕਾਰ ਨੇ ਪੈਨ-ਆਧਾਰ ਲਿੰਕ ਨੂੰ ਲਾਜ਼ਮੀ ਕਰ ਦਿੱਤਾ ਹੈ। 30.75 ਕਰੋੜ ਤੋਂ ਜ਼ਿਆਦਾ ਪੈਨ ਪਹਿਲਾਂ ਹੀ ਆਧਾਰ ਨਾਲ ਲਿੰਕ ਕੀਤੇ ਜਾ ਚੁੱਕੇ ਹਨ। ਹਾਲਾਂਕਿ, 27 ਜਨਵਰੀ, 2020 ਤਕ 17.58 ਕਰੋੜ ਤੋਂ ਜ਼ਿਆਦਾ ਪੈਨ ਕਾਰਡ ਆਧਾਰ ਨਾਲ ਜੋੜੇ ਜਾਣੇ ਬਾਕੀ ਹਨ। ਪੈਨ ਨਾਲ ਆਧਾਰ ਨੂੰ ਲਿੰਕ ਕਰਵਾਉਣ ਦੀ ਆਖ਼ਰੀ ਤਾਰੀਕ 31 ਮਾਰਚ, 2020 ਹੈ।

ਕਾਬਿਲੇਗ਼ੌਰ ਹੈ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਆਪਣੇ 2020-21 ਦੇ ਬਜਟ ਭਾਸ਼ਣ 'ਚ ਕਿਹਾ ਸੀ ਕਿ ਇਸ ਦੇਸ਼ ਵਿਚ ਕਮਾਈ ਕਰਨ ਵਾਲਿਆਂ ਦਾ ਸਨਮਾਨ ਕੀਤਾ ਜਾਵੇਗਾ ਤੇ ਜੀਵਨ ਜਿਊਣ ਅਤੇ ਵਪਾਰ ਕਰਨ 'ਚ ਆਸਾਨੀ ਰਹੇ, ਇਸ ਦੇ ਲਈ ਟੈਕਸ ਵਿਭਾਗ ਦੀ ਨਿਰਪੱਖਤਾ ਤੇ ਜਾਣਕਾਰੀ ਦਾ ਹੋਣਾ ਜ਼ਰੂਰੀ ਹੈ।

Posted By: Seema Anand