ਨਵੀਂ ਦਿੱਲੀ (ਏਜੰਸੀ) : ਦਿੱਗਜ ਆਈਟੀ ਕੰਪਨੀ ਇਨਫੋਸਿਸ ਦੇ ਆਹਲਾ ਅਧਿਕਾਰੀ 'ਤੇ ਅਣਉੱਚਿਤ ਵਪਾਰ ਨੀਤੀ ਅਪਣਾਉਣ ਦੇ ਦੋਸ਼ ਲੱਗਣ ਤੋਂ ਬਾਅਦ ਮੰਗਲਵਾਰ ਨੂੰ ਕੰਪਨੀ ਦੇ ਸ਼ੇਅਰਾਂ ਵਿਚ ਕਰੀਬ 17 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਇਸ ਗਿਰਾਵਟ ਕਾਰਨ ਕੰਪਨੀ ਦੇ ਬਾਜ਼ਾਰ ਪੂੰਜੀਕਰਨ ਵਿਚ ਇਕ ਹੀ ਦਿਨ ਵਿਚ 53,451 ਕਰੋੜ ਰੁਪਏ ਦੀ ਕਮੀ ਆਈ। ਗਿਰਾਵਟ ਤੋਂ ਬਾਅਦ ਕੰਪਨੀ ਦਾ ਬਾਜ਼ਾਰ ਪੂੰਜੀਕਰਨ ਘੱਟ ਕੇ 2,76,300.08 ਕਰੋੜ ਰੁਪਏ ਰਹਿ ਗਿਆ। ਅਪ੍ਰੈਲ 2013 ਤੋਂ ਬਾਅਦ ਇਨਫੋਸਿਸ ਦੇ ਸ਼ੇਅਰਾਂ ਵਿਚ ਇਹ ਸਭ ਤੋਂ ਵੱਡੀ ਗਿਰਾਵਟ ਹੈ।

ਇਨਫੋਸਿਸ ਦੇ ਸ਼ੇਅਰਾਂ ਵਿਚ ਵੱਡੀ ਗਿਰਾਵਟ ਦਾ ਅਸਰ ਪੂਰੇ ਸ਼ੇਅਰ ਬਾਜ਼ਾਰ 'ਤੇ ਦੇਖਣ ਨੂੰ ਮਿਲਿਆ। ਇਸ ਦੌਰਾਨ ਬੀਐੱਸਈ ਦਾ ਸੈਂਸੈਕਸ 334.54 ਅੰਕਾਂ ਦੀ ਗਿਰਾਵਟ ਦੇ ਨਾਲ ਬੰਦ ਹੋਇਆ। ਉਥੇ ਐੱਨਐੱਸਈ ਦੇ ਨਿਫਟੀ ਵਿਚ ਵੀ ਗਿਰਾਵਟ ਦਰਜ ਕੀਤੀ ਗਈ। ਖ਼ੁਦ ਨੂੰ ਐਥੀਕਲ ਇੰਪਲਾਈ ਕਹਿਣ ਵਾਲੇ ਕੰਪਨੀ ਦੇ ਕੁਝ ਅਣਪਛਾਤੇ ਕਰਮਚਾਰੀਆਂ ਨੇ ਇਸ ਦੇ ਸੀਈਓ ਸਲਿਲ ਪਾਰੇਖ ਤੇ ਸੀਐੱਫਓ ਨਿਲੰਜਨ ਰਾਏ 'ਤੇ ਵਪਾਰ ਵਿਚ ਮੁਨਾਫ਼ਾ ਦਿਖਾਉਣ ਲਈ ਅਣਉੱਚਿਤ ਨੀਤੀਆਂ ਅਪਣਾਉਣ ਦਾ ਦੋਸ਼ ਲਗਾਇਆ ਸੀ। ਕੰਪਨੀ ਵੱਲੋਂ ਗਿਆ ਹੈ ਕਿ ਇਸ ਮਾਮਲੇ ਦੀ ਸ਼ਿਕਾਇਤ ਆਡਿਟ ਕਮੇਟੀ ਨੂੰ ਸੌਂਪ ਦਿੱਤੀ ਗਈ ਹੈ। ਦਿਨ ਦੇ ਕਾਰੋਬਾਰ ਵਿਚ ਬੀਐੱਸਈ ਵਿਚ ਇਨਫੋਸਿਸ ਦੇ ਸ਼ੇਅਰ 16.21 ਫ਼ੀਸਦੀ ਦੀ ਗਿਰਾਵਟ ਦੇ ਨਾਲ 643.30 ਰੁਪਏ ਪ੍ਰਤੀ ਸ਼ੇਅਰ ਦੇ ਮੁੱਲ 'ਤੇ ਬੰਦ ਹੋਏ। ਐੱਨਐੱਸਈ ਵਿਚ ਕੰਪਨੀ ਦੇ ਸ਼ੇਅਰ 16.65 ਫ਼ੀਸਦੀ ਦੀ ਗਿਰਾਵਟ ਦੇ ਨਾਲ 640 ਰੁਪਏ ਪ੍ਰਤੀ ਸ਼ੇਅਰ ਦੀ ਕੀਮਤ 'ਤੇ ਬੰਦ ਹੋਏ।