ਨਵੀਂ ਦਿੱਲੀ, ਪੀਟੀਆਈ/ਰਾਇਟਰ : ਭਾਰਤ 'ਚ ਪਿਛਲੇ ਮਹੀਨੇ ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ। ਸੋਮਵਾਰ ਨੂੰ ਜਾਰੀ ਪ੍ਰਚੂਨ ਮਹਿੰਗਾਈ (Retail Inflation) ਦੇ ਅੰਕੜਿਆਂ ਮੁਤਾਬਕ ਦਸੰਬਰ 'ਚ ਪ੍ਰਚੂਨ ਮਹਿੰਗਾਈ ਦਰ ਵਧ ਕੇ 7.35 ਫ਼ੀਸਦੀ ਦੇ ਅੰਕੜੇ 'ਤੇ ਪਹੁੰਚ ਗਈ। ਇਹ ਪਿਛਲੇ ਸਾਢੇ ਪੰਜ ਸਾਲ ਦਾ ਉੱਚਾ ਪੱਧਰ ਹੈ। ਪਿਆਜ਼ ਅਤੇ ਹੋਰ ਸਬਜ਼ੀਆਂ ਦੀਆਂ ਕੀਮਤਾਂ 'ਚ ਜ਼ਬਰਦਸਤ ਤੇਜ਼ੀ ਕਾਰਨ ਦਸੰਬਰ 'ਚ ਸੀਪੀਆਈ ਆਧਾਰਤ ਪ੍ਰਚੂਨ ਮਹਿੰਗਾਈ ਦਰ 'ਚ ਇਹ ਵਾਧਾ ਦਰਜ ਕੀਤਾ ਗਿਆ। ਮੁਦਰਾਸਫ਼ੀਤੀ ਹੁਣ ਆਰਬੀਆਈ ਦੇ ਸਹਿਜ ਪੱਧਰ ਨੂੰ ਪਾਰ ਕਰ ਗਈ ਹੈ। ਪਿਛਲੇ ਸਾਲ ਦੇ ਆਖ਼ਰੀ ਮਹੀਨੇ 'ਚ ਸਬਜ਼ੀਆਂ ਦੀਆਂ ਕੀਮਤਾਂ 'ਚ ਦਸੰਬਰ, 2018 ਦੇ ਮੁਕਾਬਲੇ 60.5 ਫ਼ੀਸਦੀ ਦੀ ਤੇਜ਼ੀ ਦਰਜ ਕੀਤੀ ਗਈ।

ਇਸ ਤੋਂ ਪਹਿਲਾਂ ਨਵੰਬਰ 'ਚ ਮੁਦਰਾਸਫ਼ੀਤੀ 5.54 ਫ਼ੀਸਦੀ ਦੇ ਪੱਧਰ 'ਤੇ ਪਹੁੰਚ ਗਈ ਸੀ। ਉੱਥੇ, ਪਿਛਲੇ ਸਾਲ ਦੇ ਦਸੰਬਰ ਮਹੀਨੇ ਨਾਲ ਤੁਲਨਾ ਕੀਤੀ ਜਾਵੇ ਤਾਂ ਪ੍ਰਚੂਨ ਮਹਿੰਗਾਈ 'ਚ ਜ਼ਬਰਦਸਤ ਵਾਧਾ ਦਰਜ ਕੀਤਾ ਗਿਆ ਹੈ। ਦਸੰਬਰ, 2018 'ਚ ਪ੍ਰਚੂਨ ਮਹਿੰਗਾਈ 2.18 ਫ਼ੀਸਦੀ 'ਤੇ ਸੀ।

ਰਾਸ਼ਟਰੀ ਅੰਕੜਾ ਦਫ਼ਤਰ (ਐੱਨਐੱਸਓ) ਵੱਲੋਂ ਜਾਰੀ ਅੰਕੜੇ ਮੁਤਾਬਕ ਦਸੰਬਰ 'ਚ ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ 'ਚ 14.12 ਫ਼ੀਸਦੀ ਦੀ ਤੇਜ਼ੀ ਦਰਜ ਕੀਤੀ ਗਈ। ਪਿਛਲੇ ਸਾਲ ਇਸੇ ਮਹੀਨੇ 'ਚ ਸੀਪੀਆਈ 'ਤੇ ਆਧਾਰਿਤ ਮਹਿੰਗਾਈ ਦਰ-2.65 ਫ਼ੀਸਦੀ ਸੀ। ਨਵੰਬਰ, 2019 ਦੀ ਗੱਲ ਕਰੀਏ ਤਾਂ ਇਸ ਮਹੀਨੇ 'ਚ ਪ੍ਰਚੂਨ ਮੁਦਰਾਸਫ਼ੀਤੀ 10.01 ਫ਼ੀਸਦੀ ਰਹੀ।

ਪ੍ਰਚੂਨ ਮੁਦਰਾਸਫ਼ੀਤੀ ਇਸ ਤੋਂ ਪਹਿਲਾਂ ਜੁਲਾਈ, 2014 'ਚ 7.39 ਫ਼ੀਸਦੀ 'ਤੇ ਰਹੀ ਸੀ। ਉਸ ਸਮੇਂ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੀ ਸਰਕਾਰ ਪਹਿਲੀ ਵਾਰ ਕੇਂਦਰ 'ਚ ਬਣੀ ਸੀ। ਦਸੰਬਰ, 2020 'ਚ ਦਾਲ ਅਤੇ ਸਬੰਧਤ ਉਤਪਾਦਾਂ 'ਚ 15.44 ਫ਼ੀਸਦੀ ਦੀ ਤੇਜ਼ੀ ਦਰਜ ਕੀਤੀ ਗਈ। ਮਾਸ ਅਤੇ ਮੱਛੀ ਦੀਆਂ ਕੀਮਤਾਂ 'ਚ ਕਰੀਬ 10 ਫ਼ੀਸਦੀ ਦੀ ਤੇਜ਼ੀ ਵੇਖੀ ਗਈ।

ਸਮਾਚਾਰ ਏਜੰਸੀ ਰਾਇਟਰਜ਼ ਦੇ ਸਰਵੇ 'ਚ 50 ਅਰਥ ਸ਼ਾਸਤਰੀਆਂ ਨੇ ਦਸੰਬਰ 'ਚ ਮਹਿੰਗਾਈ ਦਰ ਦੇ 6.20 ਫ਼ੀਸਦੀ ਦੇ ਅੰਕੜੇ ਤਕ ਪਹੁੰਚਣ ਦਾ ਅਨੁਮਾਨ ਲਗਾਇਆ ਸੀ। ਉੱਥੇ, ਆਰਬੀਆਈ ਨੇ ਵੀ ਮੁਦਰਾਸਫ਼ੀਤੀ ਨੂੰ 4.6 ਫ਼ੀਸਦੀ ਵਿਚਕਾਰ ਰਹਿਣ ਦੀ ਗੱਲ ਆਖੀ ਸੀ।

ਬਜਟ 2020 ਤੋਂ ਪਹਿਲਾਂ ਪ੍ਰਚੂਨ ਮਹਿੰਗਾਈ ਨਾਲ ਜੁੜੇ ਇਹ ਅੰਕੜੇ ਕਾਫ਼ੀ ਅਹਿਮ ਸਿੱਧ ਹੋ ਸਕਦੇ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਇਕ ਫਰਵਰੀ ਨੂੰ ਕੇਂਦਰੀ ਬਜਟ ਪੇਸ਼ ਕਰਨਗੇ। ਇਸ ਤੋਂ ਕੁਝ ਦਿਨ ਬਾਅਦ ਹੀ 6 ਫਰਵਰੀ ਨੂੰ ਆਰਬੀਆਈ ਵਿਆਜ਼ ਦਰਾਂ ਦਾ ਐਲਾਨ ਕਰੇਗਾ।

ਆਰਬੀਆਈ ਨੇ ਦਸੰਬਰ 'ਚ ਆਪਣੀ ਦੁਮਾਹੀ ਆਰਥਿਕ ਸਮੀਖਿਆ 'ਚ ਮਹਿੰਗਾਈ ਦਰ ਨੂੰ ਧਿਆਨ 'ਚ ਰਖਦੇ ਹੋਏ ਵਿਆਜ਼ ਦਰ 'ਚ ਕਟੌਤੀ ਦਾ ਫ਼ੈਸਲਾ ਨਾ ਕਰਕੇ ਸਾਰੇ ਮਾਹਿਰਾਂ ਨੂੰ ਹੈਰਾਨ ਕਰ ਦਿੱਤਾ ਸੀ। ਸਾਰੇ ਆਰਥਿਕ ਮਾਹਿਰ ਮੰਗ 'ਚ ਕਮੀ ਨੂੰ ਵੇਖਦੇ ਹੋਏ ਆਰਬੀਆਈ ਵੱਲੋਂ ਬੈਂਚਮਾਰਕ ਦਰਾਂ 'ਚ ਕਟੌਤੀ ਦੀ ਉਮੀਦ ਕਰ ਰਹੇ ਸਨ।

Posted By: Jagjit Singh