ਜੇਐੱਨਐੱਨ, ਨਵੀਂ ਦਿੱਲੀ : Wholesale inflation : ਖਾਣ-ਪੀਣ ਦੇ ਸਾਮਾਨ ਦੀਆਂ ਕੀਮਤਾਂ ਵਿਚ ਤੇਜ਼ ਵਾਧੇ ਕਾਰਨ ਮਹਿੰਗਾਈ ਹੁਣ ਫਿਰ ਤੋਂ ਸਿਰ ਚੁੱਕਣ ਲੱਗੀ ਹੈ। ਦਸੰਬਰ ਵਿਚ ਥੋਕ ਮਹਿੰਗਾਈ ਦੀ ਦਰ ਵੀ 2.59 ਫ਼ੀਸਦੀ ਹੋ ਗਈ ਹੈ। ਇਹ ਪਿਛਲੇ ਅੱਠ ਮਹੀਨੇ ਵਿਚ ਸਭ ਤੋਂ ਜ਼ਿਆਦਾ ਹੈ। ਨਵੰਬਰ ਵਿਚ ਥੋਕ ਕੀਮਤਾਂ 'ਤੇ ਆਧਾਰਿਤ ਮਹਿੰਗਾਈ ਦੀ ਦਰ 0.58 ਫ਼ੀਸਦੀ ਰਹੀ ਸੀ। ਹਾਲਾਂਕਿ ਪਿਛਲੇ ਸਾਲ ਇਸੇ ਮਹੀਨੇ ਮਹਿੰਗਾਈ ਦੀ ਇਹ ਦਰ 3.46 ਫ਼ੀਸਦੀ ਰਹੀ ਸੀ।

ਵਪਾਰ ਤੇ ਉਦਯੋਗ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ, ਦਸੰਬਰ 2020 ਵਿਚ ਖਾਣ-ਪੀਣ ਦੇ ਸਾਮਾਨ ਦੀ ਮਹਿੰਗਾਈ ਦਰ 13.12 ਫ਼ੀਸਦੀ ਰਹੀ। ਨਵੰਬਰ ਵਿਚ ਇਹ 11 ਫ਼ੀਸਦੀ ਸੀ। ਗੈਰ ਖਾਧ ਉਤਪਾਦਾਂ ਦੀ ਮਹਿੰਗਾਈ ਦਰ ਵਿਚ ਵੀ ਤੇਜ਼ ਵਾਧਾ ਦਰਜ ਕੀਤਾ ਗਿਆ ਹੈ। ਇਹ ਨਵੰਬਰ ਦੇ 1.93 ਫ਼ੀਸਦੀ ਤੋਂ ਕਰੀਬ ਚਾਰ ਗੁਣਾ ਵਧ ਕੇ 7.27 ਫ਼ੀਸਦੀ ਹੋ ਗਈ ਹੈ।

ਜ਼ਿਕਰਯੋਗ ਹੈ ਕਿ ਦਸੰਬਰ ਵਿਚ ਪ੍ਰਚੂਨ ਮਹਿੰਗਾਈ ਦੀ ਦਰ ਵੀ ਬੀਤੇ ਪੰਜ ਸਾਲ ਦੇ ਉੱਚ ਪੱਧਰ 'ਤੇ ਰਹੀ ਹੈ।

ਜਿਥੋਂ ਤਕ ਖਾਧ ਉਤਪਾਦਾਂ ਦਾ ਸਵਾਲ ਹੈ, ਉਨ੍ਹਾਂ ਵਿਚ ਮਹਿੰਗਾਈ ਦੀ ਮਾਰ ਸਭ ਤੋਂ ਜ਼ਿਆਦਾ ਸਬਜ਼ੀਆਂ 'ਤੇ ਦਿਸੀ ਹੈ। ਦਸੰਬਰ ਵਿਚ ਸਬਜ਼ੀਆਂ ਦੀਆਂ ਕੀਮਤਾਂ ਵਿਚ 69.69 ਫ਼ੀਸਦੀ ਦਾ ਵਾਧਾ ਦੇਖਿਆ ਗਿਆ ਹੈ। ਇਸ ਵਿਚ ਸਭ ਤੋਂ ਜ਼ਿਆਦਾ ਹਿੱਸੇਦਾਰੀ ਪਿਆਜ਼ ਦੀ ਹੈ, ਜਿਸ ਦੀ ਥੋਕ ਮਹਿੰਗਾਈ ਦਰ ਦਸੰਬਰ 2020 ਵਿਚ 455.83 ਫ਼ੀਸਦੀ ਰਹੀ ਹੈ। ਇਸ ਤੋਂ ਇਲਾਵਾ ਆਲੂ ਦੀਆਂ ਕੀਮਤਾਂ ਵਿਚ ਵੀ 44.97 ਫ਼ੀਸਦੀ ਦਾ ਉਛਾਲ ਆਇਆ ਹੈ। ਜ਼ਿਕਰਯੋਗ ਹੈ ਕਿ ਵੱਖ-ਵੱਖ ਬਾਜ਼ਾਰਾਂ ਵਿਚ ਪਿਆਜ਼ ਦੀਆਂ ਕੀਮਤਾਂ ਅਜੇ ਵੀ 100 ਰੁਪਏ ਕਿਲੋ ਦੇ ਨੇੜੇ ਬਣੀਆਂ ਹੋਈਆਂ ਹਨ। ਹਾਲਾਂਕਿ ਨਵੀਂ ਫ਼ਸਲ ਦੇ ਬਾਜ਼ਾਰ ਵਿਚ ਆਮਦ ਸ਼ੁਰੂ ਹੋਣ ਨਾਲ ਇਸ ਦੀਆਂ ਕੀਮਤਾਂ ਵਿਚ ਨਰਮੀ ਆਉਣੀ ਸ਼ੁਰੂ ਹੋਈ ਹੈ।

ਥੋਕ ਤੇ ਪ੍ਰਚੂਨ ਦੋਵੇਂ ਪ੍ਰਕਾਰ ਦੀ ਮਹਿੰਗਾਈ ਦੀ ਦਰ ਵਿਚ ਤੇਜ਼ ਉਛਾਲ ਨੇ ਆਉਣ ਵਾਲੀ ਮੁਦਰਾ ਨੀਤੀ ਦੀ ਸਮੀਖਿਆ ਵਿਚ ਵਿਆਜ ਦਰਾਂ ਵਿਚ ਕਮੀ ਦੀਆਂ ਸੰਭਾਵਨਾਵਾਂ ਨੂੰ ਧੁੰਦਲਾ ਕਰ ਦਿੱਤਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਸਮੇਂ ਵਿਚ ਪ੍ਰਚੂਨ ਮਹਿੰਗਾਈ ਦੀ ਦਰ ਅਜੇ ਹੋਰ ਵਧਣ ਦਾ ਖ਼ਦਸ਼ਾ ਹੈ। ਇਸ ਲਈ ਆਉਣ ਵਾਲੇ ਕੁਝ ਮਹੀਨਿਆਂ ਵਿਚ ਵਿਆਜ ਦਰਾਂ ਵਿਚ ਨਰਮੀ ਦੀ ਉਮੀਦ ਨਹੀਂ ਲਗਾਈ ਜਾ ਸਕਦੀ। ਐੱਸਬੀਆਈ ਦੇ ਇਕੋਨਾਮਿਕ ਰਿਸਰਚ ਵਿਭਾਗ ਨੇ ਅਨੁਮਾਨ ਲਗਾਇਆ ਹੈ ਕਿ ਜਨਵਰੀ ਵਿਚ ਪ੍ਰਚੂਨ ਮਹਿੰਗਾਈ ਦੀ ਦਰ ਅੱਠ ਫ਼ੀਸਦੀ ਦੇ ਅੰਕੜਿਆਂ ਨੂੰ ਛੂਹ ਸਕਦੀਆਂ ਹਨ। ਉਸ ਤੋਂ ਬਾਅਦ ਹੀ ਇਸ ਵਿਚ ਨਰਮੀ ਦਾ ਰੁਖ਼ ਦੇਖਣ ਨੂੰ ਮਿਲ ਸਕਦਾ ਹੈ।

ਅੰਕੜਿਆਂ ਮੁਤਾਬਕ ਮੈਨੂਫੈਕਚਰਡ ਪ੍ਰੋਡਕਟਸ ਦੇ ਵਰਗ ਵਿਚ ਮਹਿੰਗਾਈ ਦੀ ਦਰ 0.25 ਫ਼ੀਸਦੀ ਦੀ ਕਮੀ ਦਰਜ ਕੀਤੀ ਗਈ ਹੈ ਪਰ ਮੈਨੂਫੈਕਚਰਡ ਫੂਡ ਪ੍ਰੋਡਕਟਸ ਦੀ ਮਹਿੰਗਾਈ ਦਰ ਵਿਚ ਵਾਧਾ ਹੋਇਆ ਹੈ। ਇਹ ਦਸੰਬਰ 'ਚ 6.89 ਫ਼ੀਸਦੀ ਰਹੀ ਹੈ। ਇਸ ਤੋਂ ਇਲਾਵਾ ਬਨਸਪਤੀ ਤੇਲ, ਆਇਲ ਐਂਡ ਫੈਟਸ ਦੇ ਵਰਗ ਦੀ ਮਹਿੰਗਾਈ ਦਰ ਵੀ 9.66 ਫ਼ੀਸਦੀ ਰਹੀ ਹੈ।

Posted By: Jagjit Singh