ਨਵੀਂ ਦਿੱਲੀ : ਦੇਸ਼ ਦੇ ਸ਼ੇਅਰ ਬਾਜ਼ਾਰ ਦੀ ਦਿਸ਼ਾ ਇਸ ਹਫ਼ਤੇ ਉਦਯੋਗਿਕ ਉਤਪਾਦਨ ਅਤੇ ਮਹਿੰਗਾਈ ਦੇ ਅੰਕੜੇ, ਮਹੱਤਵਪੂਰਨ ਕੰਪਨੀਆਂ ਦੇ ਤਿਮਾਹੀ ਨਤੀਜੇ ਅਤੇ ਵਿਦੇਸ਼ੀ ਬਾਜ਼ਾਰਾਂ ਦੇ ਰੁਝਾਨ ਨਾਲ ਤੈਅ ਹੋਣ ਦੀ ਉਮੀਦ ਹੈ।

ਅਮਰੀਕਾ ਤੇ ਚੀਨ ਦੀ ਵਪਾਰ ਗੱਲਬਾਤ ਵਿਚ ਸੁਲ੍ਹਾ ਦੀ ਉਮੀਦ ਘਟਣ ਨਾਲ ਅੰਤਰਰਾਸ਼ਟਰੀ ਅਰਥ-ਵਿਵਸਥਾ ਵਿਚ ਸੁਸਤੀ ਦਾ ਡਰ ਫਿਰ ਤੋਂ ਪੈਦਾ ਹੋ ਗਿਆ ਹੈ। ਦੋਵੇਂ ਆਰਥਿਕ ਮਹਾਸ਼ਕਤੀਆਂ ਦੀ ਵਪਾਰਕ ਗੱਲਬਾਤ ਵਿਚ ਸਹਿਮਤੀ ਲਈ ਪਹਿਲੀ ਮਾਰਚ ਦੀ ਸਮਾਂ ਸੀਮਾ ਤੈਅ ਕੀਤੀ ਗਈ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਾਲਾਂਕਿ ਕਿਹਾ ਹੈ ਕਿ ਇਸ ਸਮੇਂ ਸੀਮਾ ਤੋਂ ਪਹਿਲਾਂ ਉਹ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮਿਲ ਸਕਣ ਦੀ ਉਮੀਦ ਨਹੀਂ ਕਰਦੇ ਹਨ।

ਵ੍ਹਾਈਟ ਹਾਊਸ ਦੇ ਇਕ ਸੀਨੀਅਰ ਸਲਾਹਕਾਰ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਵਪਾਰ ਗੱਲਬਾਤ ਵਿਚ ਅਮਰੀਕਾ ਅਤੇ ਚੀਨ ਵਿਚਾਲੇ ਹੁਣ ਵੀ ਕਾਫੀ ਦੂਰੀ ਹੋਈ ਹੈ। ਐਪਿਕ ਰਿਸਰਚ ਦੇ ਸੀਈਓ ਮੁਸਤਫ਼ਾ ਨਦੀਮ ਨੇ ਕਿਹਾ ਕਿ ਹਾਲ ਦੇ ਘਟਨਾਕ੍ਰਮਾਂ ਦਾ ਜਿਹੜਾ ਅਸਰ ਬਾਜ਼ਾਰ 'ਤੇ ਹੋਣਾ ਸੀ, ਉਹ ਹੋ ਚੁੱਕਾ ਹੈ।

ਇਸ ਹਫ਼ਤੇ ਕਈ ਤਰ੍ਹਾਂ ਦੇ ਨਵੇਂ ਆਰਥਿਕ ਅੰਕੜੇ ਆਉਣ ਵਾਲੇ ਹਨ। ਮਹਿੰਗਾਈ ਅਤੇ ਉਦਯੋਗਿਕ ਉਤਪਾਦਨ ਦੇ ਅੰਕੜਿਆਂ 'ਤੇ ਨਿਵੇਸ਼ਕਾਂ ਦੀ ਨਿਗ੍ਹਾ ਰਹੇਗੀ। ਬਾਜ਼ਾਰ ਦੇ ਮੌਜੂਦਾ ਦਾਇਰੇ ਵਿਚ ਹੀ ਬਣੇ ਰਹਿਣ ਦੀ ਉਮੀਦ ਹੈ।

ਉਦਯੋਗਿਕ ਉਤਪਾਦਨ ਦੇ ਅੰਕੜੇ ਮੰਗਲਵਾਰ ਨੂੰ ਆਉਣ ਵਾਲੇ ਹਨ। ਥੋਕ ਮਹਿੰਗਾਈ ਦੇ ਅੰਕੜੇ ਵੀਰਵਾਰ ਨੂੰ ਆਉਣ ਵਾਲੇ ਹਨ। ਇਸ ਹਫ਼ਤੇ ਤਿਮਾਹੀ ਨਤੀਜੇ ਜਾਰੀ ਕਰਨ ਵਾਲੀਆਂ ਪ੍ਮੁੱਖ ਕੰਪਨੀਆਂ ਵਿਚ ਕਾਰਪੋਰੇਸ਼ਨ ਬੈਂਕ ਅਤੇ ਸਪਾਈਸਜੈੱਟ ਸ਼ਾਮਲ ਹਨ। ਮਾਹਿਰਾਂ ਨੇ ਕਿਹਾ ਕਿ ਰੁਪਏ ਅਤੇ ਕੱਚੇ ਤੇਲ ਦੀਆਂ ਕੀਮਤਾਂ 'ਤੇ ਵੀ ਬਾਜ਼ਾਰ ਦੀ ਨਜ਼ਰ ਰਹੇਗੀ। ਪਿਛਲੇ ਹਫ਼ਤੇ ਦੇ ਕਾਰੋਬਾਰ ਵਿਚ ਸੈਂਸੈਕਸ ਵਿਚ 77.05 ਅੰਕਾਂ ਦੀ ਤੇਜ਼ੀ ਦਰਜ ਕੀਤੀ ਗਈ ਹੈ ਅਤੇ ਇਹ ਸ਼ੁੱਕਰਵਾਰ ਨੂੰ 36,546.48 'ਤੇ ਬੰਦ ਹੋਇਆ ਸੀ।

ਅੱਠ ਬਲਿਊਚਿਪ ਕੰਪਨੀਆਂ ਦਾ ਐੱਮਕੈਪ 53,741 ਕਰੋੜ ਰੁਪਏ ਵਧਿਆ

ਨਵੀਂ ਦਿੱਲੀ : ਪਿਛਲੇ ਹਫ਼ਤੇ ਦੇ ਕਾਰੋਬਾਰ ਵਿਚ ਦੇਸ਼ ਦੀਆਂ 10 ਸਭ ਤੋਂ ਵੱਡੀਆਂ ਕੰਪਨੀਆਂ ਵਿਚੋਂ ਅੱਟ ਦੇ ਬਾਜ਼ਾਰ ਪੂੰਜੀਕਰਨ (ਐੱਮਕੈਪ) ਵਿਚ ਕੁੱਲ 53,741.36 ਕਰੋੜ ਰੁਪਏ ਦਾ ਵਾਧਾ ਦਰਜ ਕੀਤਾ ਗਿਆ। ਸਿਰਫ਼ ਆਈਟੀਸੀ ਅਤੇ ਐੱਚਡੀਐੱਫਸੀ ਦੇ ਐੱਮਕੈਪ ਵਿਚ ਗਿਰਾਵਟ ਰਹੀ। ਰਿਲਾਇੰਸ ਇੰਡਸਟਰੀਜ਼ (ਆਰਆਈਐੱਲ) ਦਾ ਐੱਮਕੈਪ ਸਭ ਤੋਂ ਵੱਧ 19,047.69 ਕਰੋੜ ਰੁਪਏ ਵਧਿਆ।

ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀਸੀਐੱਸ) ਦਾ ਐੱਮਕੈਪ 12,007.64 ਕਰੋੜ, ਐੱਚਡੀਐੱਫਸੀ ਬੈਂਕ ਦਾ 8,569.51 ਕਰੋੜ ਰੁਪਏ ਅਤੇ ਕੋਟਕ ਮਹਿੰਦਰਾ ਬੈਂਕ ਦਾ 7,144.3 ਕਰੋੜ ਰੁਪਏ ਵਧਿਆ। ਐੱਚਯੂਐੱਲ ਦਾ ਐੱਮਕੈਪ 4,578.23 ਕਰੋੜ ਰੁਪਏ, ਇਨਫੋਸਿਸ ਦਾ 1,441.65 ਕਰੋੜ ਰੁਪਏ, ਭਾਰਤੀ ਸਟੇਟ ਬੈਂਕ ਦਾ 669.35 ਕਰੋੜ ਰੁਪਏ ਅਤੇ ਆਈਸੀਆਈਸੀਆਈ ਬੈਂਕ ਦਾ ਐੱਮਕੈਪ 282.99 ਕਰੋੜ ਰੁਪਏ ਵਧਿਆ। ਰਿਲਾਇੰਸ ਇੰਡਸਟਰੀਜ਼ ਲਿਮਟਿਡ 8,09,669.50 ਕਰੋੜ ਰੁਪਏ ਦੇ ਐੱਮਕੈਪ ਨਾਲ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਰਹੀ।