ਤਜਿੰਦਰ ਸਿੰਘ, ਅਟਾਰੀ : ਦੇਸ਼ ਵਿਚ ਕੋਰੋਨਾ ਵਾਇਰਸ ਦੇ ਫੈਲਣ ਦੇ ਡਰ ਨੂੰ ਧਿਆਨ ਵਿਚ ਰੱਖਦਿਆਂ ਭਾਰਤ ਸਰਕਾਰ ਨੇ ਪਾਕਿ ਰਸਤੇ ਅਫਗਾਨਿਸਾਨ ਨਾਲ ਹੁੰਦੇ ਵਪਾਰ ਨੂੰ 16 ਮਾਰਚ ਤੋਂ ਬੰਦ ਕਰ ਦਿੱਤਾ ਪਰ ਵੀਰਵਾਰ ਨੂੰ ਭਾਰਤ-ਅਫਗਾਨਿਸਤਾਨ ਦਰਮਿਆਨ 73 ਦਿਨਾਂ ਦੀ ਖੜੋਤ ਤੋਂ ਬਾਅਦ ਵਾਹਗਾ-ਅਟਾਰੀ ਸਰਹੱਦ ਰਸਤੇ ਮੁੜ ਤੋਂ ਸ਼ੁਰੂ ਹੋ ਗਿਆ।

ਅਫਗਾਨਿਸਤਾਨ ਤੋਂ ਪਾਕਿਸਤਾਨ ਰਸਤੇ ਮੁਲੱਠੀ ਦਾ ਇਕ ਟਰੱਕ ਵਾਹਗਾ-ਅਟਾਰੀ ਸਰਹੱਦ ਰਸਤੇ (ਸੰਗਠਿਤ ਚੈੱਕ ਪੋਸਟ ਅਟਾਰੀ) ਭਾਰਤ ਪੁੱਜਾ ਜਿਸ ਦੀ ਕਸਟਮ ਵਿਭਾਗ ਵੱਲੋਂ ਬੜੀ ਬਰੀਕੀ ਨਾਲ ਚੈਕਿੰਗ ਕੀਤੀ ਗਈ। ਅਫਗਾਨਿਸਤਾਨ ਤੋਂ ਬੀਤੇ ਕਈ ਦਿਨਾਂ ਤੋਂ ਦੋ ਟਰੱਕ ਮਾਲ ਲੈ ਕੇ ਵਾਹਗਾ ਸਰਹੱਦ ਪਾਕਿਸਤਾਨ ਵਿਖੇ ਖੜ੍ਹੇ ਸਨ, ਜਿਨ੍ਹਾਂ ਵਿੱਚੋਂ ਪਾਕਿਸਤਾਨ ਕਸਟਮ ਵੱਲੋਂ ਇੱਕ ਟਰੱਕ ਦੇ ਕਾਗਜ਼ ਪੂਰੇ ਨਾ ਹੋਣ ਕਾਰਨ ਉਸ ਨੂੰ ਅਫਗਾਨਿਸਤਾਨ ਵਾਪਸ ਭੇਜ ਦਿੱਤਾ ਗਿਆ ਸੀ ਤੇ ਇਕ ਟਰੱਕ ਨੂੰ ਭਾਰਤ ਭੇਜਣ ਦੀ ਮਨਜ਼ੂਰੀ ਦਿੱਤੀ ਗਈ।

ਇਸ ਤੋਂ ਸਪੱਸ਼ਟ ਹੋ ਗਿਆ ਹੈ ਕਿ ਅਫਗਾਨਿਸਤਾਨ ਤੋਂ ਡਰਾਈਫਰੂਟ ਤੇ ਹੋਰ ਵਸਤਾਂ ਦੀ ਸਪਲਾਈ ਬਹਾਲ ਰਹੇਗੀ। ਭਾਰਤ-ਅਫਗਾਨਿਸਤਾਨ ਵਿਚਕਾਰ ਵਪਾਰ ਸ਼ੁਰੂ ਹੋਣ ਤੇ ਅਟਾਰੀ ਸਰਹੱਦ ਵਿਖੇ ਢੋਆ-ਢੁਆਈ ਦਾ ਕੰਮ ਕਰਦੇ ਕੁੱਲੀਆਂ, ਟਰੱਕ ਆਪਰੇਟਰਾਂ ਤੇ ਢਾਬਾ ਮਾਲਕਾਂ ਲਈ ਫਿਰ ਆਸ ਦੀ ਕਿਰਨ ਜਾਗੀ ਹੈ।