ਜੇਐੱਨਐੱਨ, ਨਵੀਂ ਦਿੱਲੀ : ਸੰਸਦ 'ਚ ਕੰਪਟ੍ਰੋਲਰ ਐਂਡ ਆਡੀਟਰ ਜਨਰਲ ਆਫ ਇੰਡੀਆ (CAG) ਦੀ ਇਕ ਰਿਪੋਰਟ 'ਚ ਰੇਲਵੇ ਸਬੰਧੀ ਇਕ ਵੱਡਾ ਖ਼ੁਲਾਸਾ ਹੋਇਆ ਹੈ। ਰੇਲਵੇ ਦੀ ਸੰਚਾਲਨ ਲਾਗਤ ਲਗਾਤਾਰ ਵਧਦੀ ਜਾ ਰਹੀ ਹੈ। ਇਸ ਦਾ ਆਪ੍ਰੇਟਿੰਗ ਰੇਸ਼ੋ 2017-18 'ਚ ਵਧ ਕੇ 10 ਸਾਲ ਦੇ ਉੱਚ ਪੱਧਰ 98.44 ਫ਼ੀਸਦੀ 'ਤੇ ਪਹੁੰਚ ਗਿਆ ਹੈ। ਇਸ ਦਾ ਅਰਥ ਹੈ ਕਿ ਰੇਲਵੇ ਨੂੰ 100 ਰੁਪਏ ਦੀ ਕਮਾਈ ਲਈ 98.44 ਰੁਪਏ ਖ਼ਰਚ ਕਰਨੇ ਪੈ ਰਹੇ ਹਨ। CAG ਦੀ ਰਿਪੋਰਟ ਅਨੁਸਾਰ ਰੇਲਵੇ ਦਾ ਆਪ੍ਰੇਟਿੰਗ ਰੇਸ਼ੋ 2015-16 'ਚ 90.49 ਫ਼ੀਸਦੀ ਤੇ 2016-17 'ਚ 96.5 ਫ਼ੀਸਦੀ ਸੀ।

ਇਸ ਰਿਪੋਰਟ ਅਨੁਸਾਰ ਭਾਰਤੀ ਰੇਲਵੇ ਦਾ ਆਪ੍ਰੇਟਿੰਗ ਰੇਸ਼ੋ ਵਿੱਤੀ ਵਰ੍ਹੇ 2017-18 'ਚ 98.44 ਫ਼ੀਸਦੀ ਰਹਿਣਾ ਦੀ ਮੁੱਖ ਵਜ੍ਹਾ ਇਸ ਦਾ ਸੰਚਾਲਨ ਖ਼ਰਚ ਵਧਣਾ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਵਿੱਤੀ ਵਰ੍ਹੇ 2008-09 'ਚ ਰੇਲਵੇ ਦਾ ਆਪ੍ਰੇਟਿੰਗ ਰੇਸ਼ੋ 90.48 ਫ਼ੀਸਦੀ ਸੀ ਜੋ 2009-10 'ਚ 95.28 ਫ਼ੀਸਦੀ, 2010-11 'ਚ 94.59 ਫ਼ੀਸਦੀ, 2011-12 'ਚ 94.85 ਫ਼ੀਸਦੀ, 2012-13 'ਚ 90.19 ਫ਼ੀਸਦੀ, 2013-14 'ਚ 93.6 ਫ਼ੀਸਦੀ, 2014-15 'ਚ 91.25 ਫ਼ੀਸਦੀ ਤਕ ਪਹੁੰਚ ਗਿਆ।

ਕੈਗ ਨੇ ਇਹ ਸਿਫ਼ਾਰਿਸ਼ ਵੀ ਕੀਤੀ ਹੈ ਕਿ ਰੇਲਵੇ ਨੂੰ ਅੰਦਰੂਨੀ ਕਮਾਈ ਵਧਆਉਣ ਦੇ ਉਪਾਅ ਕਰਨੇ ਚਾਹੀਦੇ ਹਨ ਤਾਂ ਜੋ ਕੁੱਲ ਤੇ ਵਾਧੂ ਬਜਟ ਸਾਧਨਾਂ 'ਤੇ ਨਿਰਭਰਤਾ ਘਟਾਈ ਜਾ ਸਕੇ। ਰਿਪੋਰਟ 'ਚ ਕਿਹਾ ਗਿਆ ਹੈ ਕਿ ਭਾਰਤੀ ਰੇਲਵੇ ਦਾ ਕੁੱਲ ਖ਼ਰਚ 2016-17 'ਚ 2,68,759.62 ਕਰੋੜ ਰੁਪਏ ਤੋਂ ਵਧ ਕੇ 2017-18 'ਚ 2,79,249.50 ਕਰੋੜ ਰੁਪਏ ਹੋ ਗਿਆ। ਇਸ ਵਿਚ ਪੂੰਜੀਗਤ ਖ਼ਰਚ 5.82 ਫ਼ੀਸਦੀ ਘਟਿਆ ਹੈ ਜਦਕਿ ਸਾਲ ਦੌਰਾਨ ਮਾਲੀਆ ਖ਼ਰਚ 10.47 ਫ਼ੀਸਦੀ ਵਧਿਆ ਹੈ। ਇਹ ਵੀ ਕਿਹਾ ਗਿਆ ਹੈ ਕਿ ਰੇਲਵੇ ਬਾਜ਼ਾਰ ਤੋਂ ਪ੍ਰਾਪਤ ਹੋਣ ਵਾਲੇ ਫੰਡ ਦੀ ਪੂਰੀ ਤਰ੍ਹਾਂ ਵਰਤੋਂ ਯਕੀਨੀ ਬਣਾਵੇ।

Posted By: Seema Anand