ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਕੋਰੋਨਾ ਮਹਾਮਾਰੀ ਕਾਰਨ ਦੇਸ਼ ਦੀਆਂ ਤੇਲ ਕੰਪਨੀਆਂ ਨੂੰ ਵੀ ਘਾਟੇ ਦੇ ਦੌਰ 'ਚੋਂ ਲੰਘਣਾ ਪੈ ਰਿਹਾ ਹੈ। ਭਾਰਤ ਦੀ ਪ੍ਰਸਿੱਧ ਤੇਲ ਕੰਪਨੀ ਇੰਡੀਅਨ ਆਇਲ ਨੂੰ 2020-21 ਵਿੱਤੀ ਸਾਲ ਦੇ ਪਹਿਲੇ ਕੁਆਰਟਰ ਵਿਚ ਪਿਛਲੇ ਸਾਲ ਦੇ ਮੁਕਾਬਲੇ ਸ਼ੁੱਧ ਲਾਭ 'ਚ 40 ਫ਼ੀਸਦੀ ਦੇ ਕਰੀਬ ਘਾਟਾ ਸਹਿਣਾ ਪਿਆ ਹੈ। ਇਸ ਸਬੰਧੀ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਚੀਫ ਜਨਰਲ ਮੈਨੇਜਰ ਜੌਹਨ ਪ੍ਰਸਾਦ ਕੇ ਅਨੁਸਾਰ ਇੰਡੀਅਨ ਆਇਲ ਦੇ ਚੇਅਰਮੈਨ ਐੱਸਐੱਮ ਵੈਦਿਆ ਨੇ ਦੱਸਿਆ ਕਿ ਕੰਪਨੀ ਨੂੰ ਮੌਜੂਦਾ ਵਿੱਤੀ ਸਾਲ ਦੇ ਪਹਿਲੇ ਕੁਆਰਟਰ ਵਿਚ 88,937 ਕਰੋੜ ਰੁਪਏ ਦਾ ਮਾਲੀਆ ਪ੍ਰਰਾਪਤ ਹੋਇਆ, ਜਦੋਂਕਿ ਇਸ ਦੇ ਮੁਕਾਬਲੇ ਪਿਛਲੇ ਵਿੱਤੀ ਸਾਲ ਦੌਰਾਨ ਕੰਪਨੀ ਨੇ 1,50,137 ਕਰੋੜ ਰੁਪਏ ਦਾ ਮਾਲੀਆ ਕਮਾਇਆ ਸੀ। ਉਨ੍ਹਾਂ ਦੱਸਿਆ ਕਿ ਕੰਪਨੀ ਨੂੰ ਇਕੱਤਰ ਹੋਏ ਮਾਲੀਏ 'ਚੋਂ ਮਿਲਿਆ ਸ਼ੁੱਧ ਲਾਭ ਇਸ ਵਾਰ 1,911 ਕਰੋੜ ਹੈ, ਜਦੋਂਕਿ ਪਿਛਲੇ ਸਾਲ ਇਹ ਸ਼ੁੱਧ ਲਾਭ 3,596 ਕਰੋੜ ਰੁਪਏ ਸੀ। ਇਸ ਤਰ੍ਹਾਂ ਕੰਪਨੀ ਨੂੰ ਕੋਰੋਨਾ ਕਾਰਨ 40 ਫੀਸਦੀ ਦੇ ਕਰੀਬ ਸ਼ੁੱਧ ਲਾਭ ਦਾ ਘਾਟਾ ਪਿਆ ਹੈ।

ਉਨ੍ਹਾਂ ਦੱਸਿਆ ਕਿ ਕੰਪਨੀ ਨੇ ਪਹਿਲੇ ਕੁਆਰਟਰ 'ਚ 16.504 ਮਿਲੀਅਨ ਟਨ ਦੇ ਉਤਪਾਦ ਵੇਚੇ, ਜਿਨ੍ਹਾਂ ਵਿਚ ਨਿਰਯਾਤ ਵੀ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਪਹਿਲੇ ਕੁਆਰਟਰ 'ਚ 12.930 ਮਿਲੀਅਨ ਟਨ ਦੇ ਕਰੀਬ ਪੈਟਰੋਲੀਅਮ ਪਦਾਰਥ ਰਿਫਾਈਨ ਕੀਤੇ ਗਏ ਅਤੇ ਇਸੇ ਸਮੇਂ ਦੌਰਾਨ ਪੂਰੇ ਦੇਸ਼ 'ਚ ਕਾਰਪੋਰੇਸ਼ਨ ਨੇ ਆਪਣੀਆਂ ਪਾਈਪਲਾਈਨਜ਼ ਰਾਹੀਂ 15,017 ਮਿਲੀਅਨ ਟਨ ਦੀ ਸਪਲਾਈ ਕੀਤੀ।