ਨਵੀਂ ਦਿੱਲੀ : ਵਿਦੇਸ਼ੀ ਬਾਜ਼ਾਰ ਦੇ ਮਜ਼ਬੂਤ ਰੁਝਾਨ ਤੇ ਸਥਾਨਕ ਜਿਊਲਰਾਂ ਵੱਲੋਂ ਖ਼ਰੀਦਾਰੀ ਵਧਾਏ ਜਾਣ ਨਾਲ ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬਾਜ਼ਾਰ 'ਚ ਬੁੱਧਵਾਰ ਨੂੰ ਸੋਨਾ 235 ਰੁਪਏ ਮਜ਼ਬੂਤ ਹੋ ਕੇ 33,385 ਰੁਪਏ ਪ੍ਰਤੀ 10 ਗ੍ਰਾਮ 'ਤੇ ਪੁੱਜ ਗਿਆ। ਆਲ ਇੰਡੀਆ ਸਰਾਫਾ ਐਸੋਸੀਏਸ਼ਨ ਮੁਤਾਬਕ ਉਦਯੋਗਿਕ ਇਕਾਈਆਂ ਤੇ ਸਿੱਕਾ ਨਿਰਮਾਤਾਵਾਂ ਵੱਲੋਂ ਮੰਗ ਵਧਣ ਕਾਰਨ ਚਾਂਦੀ ਵੀ 130 ਰੁਪਏ ਚੜ੍ਹ ਕੇ 39,710 ਰੁਪਏ ਪ੍ਰਤੀ ਕਿੱਲੋ 'ਤੇ ਪੁੱਜ ਗਈ।

ਸਰਾਫਾ ਕਾਰੋਬਾਰੀਆਂ ਨੇ ਕਿਹਾ ਕਿ ਸਥਾਨਕ ਜਿਊਲਰਾਂ ਵੱਲੋਂ ਖ਼ਰੀਦਾਰੀ ਵਧਾਏ ਜਾਣ ਨਾਲ ਸੋਨੇ ਦਾ ਭਾਅ ਵਧ ਗਿਆ। ਇਸ ਤੋਂ ਇਲਾਵਾ ਵਿਦੇਸ਼ੀ ਬਾਜ਼ਾਰ 'ਚ ਸੋਨਾ 1300 ਡਾਲਰ ਪ੍ਰਤੀ ਅੌਂਸ (28.35 ਗ੍ਰਾਮ) ਦੇ ਪਾਰ ਚਲਾ ਗਿਆ। ਇਸ ਨਾਲ ਵੀ ਕੀਮਤ 'ਚ ਵਾਧੇ ਨੂੰ ਉਤਸ਼ਾਹ ਮਿਲਿਆ। ਨਿਊਯਾਰਕ 'ਚ ਸੋਨਾ 1304.31 ਡਾਲਰ ਪ੍ਰਤੀ ਅੌਂਸ 'ਤੇ ਪੁੱਜ ਗਿਆ। ਚਾਂਦੀ ਹਾਲਾਂਕਿ ਮਾਮੂਲੀ ਗਿਰਾਵਟ ਨਾਲ 15.43 ਡਾਲਰ ਪ੍ਰਤੀ ਅੌਂਸ 'ਤੇ ਆ ਗਈ।

ਰਾਸ਼ਟਰੀ ਰਾਜਧਾਨੀ 'ਚ 99.9 ਫ਼ੀਸਦੀ ਖਰਾ ਸੋਨਾ 235 ਰੁਪਏ ਮਜ਼ਬੂਤ ਹੋ ਕੇ 33,385 ਰੁਪਏ ਪ੍ਰਤੀ 10 ਗ੍ਰਾਮ 'ਤੇ ਪੁੱਜ ਗਿਆ ਤੇ 99.5 ਫ਼ੀਸਦੀ ਖ਼ਰਾ ਸੋਨਾ ਵੀ ਇੰਨੀ ਹੀ ਮਜ਼ਬੂਤੀ ਨਾਲ 33,215 ਰੁਪਏ ਪ੍ਰਤੀ 10 ਗ੍ਰਾਮ ਦਾ ਹੋ ਗਿਆ। ਅੱਠ ਗ੍ਰਾਮ ਸੋਨੇ ਦੀ ਗਿੰਨੀ ਹਾਲਾਂਕਿ 26,400 ਰੁਪਏ ਹਰੇਕ ਦੇ ਭਾਅ 'ਤੇ ਕਾਇਮ ਰਹੀ। ਚਾਂਦੀ ਹਾਜ਼ਰ 130 ਰੁਪਏ ਚੜ੍ਹ ਕੇ 39,710 ਰੁਪਏ ਪ੍ਰਤੀ ਕਿੱਲੋ 'ਤੇ ਪੁੱਜ ਗਈ ਅਤੇ ਹਫ਼ਤਾਵਾਰੀ ਡਿਲੀਵਰੀ 108 ਰੁਪਏ ਮਜ਼ਬੂਤ ਹੋ ਕੇ 38,768 ਰੁਪਏ ਪ੍ਰਤੀ ਕਿੱਲੋ ਦੀ ਹੋ ਗਈ। ਚਾਂਦੀ ਦੇ ਸਿੱਕਿਆਂ ਦੀ ਕੀਮਤ ਪ੍ਰਤੀ ਸੈਂਕੜਾ 80,000 ਰੁਪਏ ਖਰੀਦ ਤੇ 81,000 ਰੁਪਏ ਵਿਕਰੀ ਦੇ ਪਿਛਲੇ ਪੱਧਰ 'ਤੇ ਕਾਇਮ ਰਹੀ।