ਨਈ ਦੁਨੀਆ, ਨਵੀਂ ਦਿੱਲੀ : ਕੇਂਦਰੀ ਪ੍ਰਤੱਖ ਕਰ ਬੋਰਡ (CBDT) ਨੇ ਆਮਦਨ ਕਰ ਰਿਟਰਨ ਪ੍ਰੋਸੈਸਿੰਗ ਤੇ ਮੁਲਾਂਕਣ ਨੂੰ ਸਰਲ ਤੇ ਅਸਰਦਾਰ ਬਣਾਉਣ ਦੀ ਪਹਿਲ ਤਹਿਤ Form 26AS ਨੂੰ Annual Information Statement (ਸਾਲਾਨਾ ਸੂਚਨਾ ਵੇਰਵਾ) ਦੇ ਰੂਪ 'ਚ ਬਦਲ ਦਿੱਤਾ ਹੈ। ਇਸ ਵਿਚ ਹੁਣ ਪ੍ਰਾਪਰਟੀ (ਰੀਅਲ ਅਸਟੇਟ) ਤੇ ਸ਼ੇਅਰ ਸਕੀ ਖਰੀਦੋ-ਫ਼ਰੋਖ਼ਤ ਦੀ ਜਾਣਕਾਰੀ ਨੂੰ ਵੀ ਸ਼ਾਮਲ ਕੀਤਾ ਜਾਵੇਗਾ।

ਇਸ ਫਾਰਮ 'ਚ ਪ੍ਰਮੁੱਖ ਬਦਲਾਅ ਇਹ ਕੀਤਾ ਗਿਆ ਹੈ ਕਿ ਜਾਇਦਾਦ (ਪ੍ਰਾਪਰਟੀ) ਤੇ ਸ਼ੇਅਰ ਦੇ ਲੈਣ-ਦੇਣ ਦੀ ਜਾਣਕਾਰੀ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਫਾਰਮ 26AS ਇਕ ਸਮੇਕਿਤ ਕ੍ਰੈਡਿਟ ਸਟੇਟਮੈਂਟ ਹੈ ਜੋ ਅਸੈੱਸੀ ਨੂੰ ਵਿੱਤੀ ਵਰ੍ਹੇ ਦੌਰਾਨ ਕ੍ਰਾਸ-ਵੈਰੀਫਾਈਡ ਇਨਕਮ, TDS 'ਤੇ ਕੱਟੇ ਗਏ ਟੈਕਸ ਤੇ ਜਮ੍ਹਾਂ ਕੀਤੇ ਗਏ ਟੈਕਸ ਦੀ ਪੁਸ਼ਟੀ ਕਰਨ 'ਚ ਮਦਦ ਕਰਦਾ ਹੈ।

ਹੁਣ ਇਸ ਵਿਚ TDS-TCS ਦੇ ਵੇਰਵਿਆਂ ਤੋਂ ਇਲਾਵਾ ਕੁਝ ਵਿੱਤੀ ਲੈਣ-ਦੇਣ, ਟੈਕਸ ਪੇਮੈਂਟ, ਟੈਕਸਪੇਅਰ ਵੱਲੋਂ ਇਕ ਕਾਰੋਬਾਰੀ ਸਾਲ 'ਚ ਡਿਮਾਂਡ-ਰਿਫੰਡ ਨਾਲ ਸਬੰਧਤ ਲੰਬਿਤ ਜਾਂ ਪੂਰੀ ਹੋ ਚੁੱਕੀ ਪ੍ਰਕਿਰਿਆ ਦੀ ਸੂਚਨਾ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਦਾ ਵੇਰਵਾ ਆਮਦਨ ਕਰ ਰਿਟਰਨ (ITR) 'ਚ ਦੇਣਾ ਪਵੇਗਾ।

ਆਮਦਨ ਵਿਭਾਗ ਨੇ ਕਿਹਾ ਕਿ ਬਜਟ 'ਚ ਐਲਾਨਿਆ ਇਹ ਨਵਾਂ ਫਾਰਮ 1 ਜੂਨ ਤੋਂ ਲਾਗੂ ਹੋ ਚੁੱਕਾ ਹੈ। ਟੈਕਸ ਭਰਨ ਵਾਲਾ ਵਿਅਕਤੀ ਇਸ ਨੂੰ PAN ਕਾਰਡ ਦੀ ਮਦਦ ਨਾਲ ਆਮਦਨ ਕਰ ਵਿਭਾਗ ਦੇ ਈ-ਫਾਈਲਿੰਗ ਪੋਰਟਲ ਨਾਲ ਅਸੈੱਸ ਕਰ ਸਕਦਾ ਹੈ। ਨਵੇਂ ਫਾਰਮ 26AS ਜਾਂ ਸਾਲਾਨਾ ਸੂਚਨਾ ਵੇਰਵੇ 'ਚ ਤੁਹਾਡੇ ਵੱਲੋਂ ਭੁਗਤਾਨ ਕੀਤੇ ਗਏ ਟੈਕਸਾਂ ਦੀ ਪੂਰੀ ਜਾਣਕਾਰੀ ਹੋਵੇਗੀ। ਇਸ ਵਿਚ ਲੰਬਿਤ ਤੇ ਪੂਰੀ ਆਮਦਨ ਕਰ ਕਾਰਵਾਈ ਦਾ ਵੇਰਵਾ, ਆਮਦਨ ਕਰ ਦੀ ਮੰਗ ਦੀ ਸਥਿਤੀ ਤੇ ਵਾਪਸੀ ਤੋਂ ਇਲਾਵਾ ਸ਼ੇਅਰ ਤੇ ਜਾਇਦਾਦ ਖਰੀਦਣ ਵਰਗੇ ਵਿਸ਼ੇਸ਼ ਫਾਇਨਾਂਸ਼ੀਅਲ ਲੈਣ-ਦੇਣ ਦਾ ਵੇਰਵਾ ਹੋਵੇਗਾ।

ਇਸ ਨਵੇਂ ਫਾਰਮ ਦੀ ਵਜ੍ਹਾ ਨਾਲ ITR ਫਾਈਲਿੰਗ ਦੀ ਪ੍ਰਕਿਰਿਆ ਸਰਲ ਹੋ ਜਾਵੇਗੀ ਕਿਉਂਕਿ ਇਸ ਫਾਰਮ ਨਾਲ ਜ਼ਿਆਦਾਤਰ ਸਬੰਧਤ ਵੇਰਵੇ ਪ੍ਰਾਪਤ ਕੀਤੇ ਜਾਣਗੇ। ਕਰ ਦਾਤਾ ਵੀ ITR 'ਚ ਦਿੱਤੇ ਗਏ ਵੇਰਵਿਆਂ ਨੂੰ ਪੁਸ਼ਟ ਕਰਨ ਤੇ ਜਲਦੀ ਨਾਲ ਵਾਪਸੀ ਦੀ ਪ੍ਰਕਿਰਿਆ 'ਚ ਸਮਰੱਥ ਹੋਵੇਗਾ।

Posted By: Seema Anand