ਕੋਰੋਨਾ ਕਾਲ 'ਚ ਜਨਤਕ ਖੇਤਰ ਦੇ ਦੇਸ਼ ਦੇ ਸਭ ਤੋਂ ਵੱਡੇ ਬੈਂਕ SBI ਦੇ Mudra Loans 'ਚ ਭਾਰੀ ਉਛਾਲ ਦੇਖਿਆ ਗਿਆ ਹੈ। ਵਿੱਤੀ ਵਰ੍ਹੇ 2020-21 'ਚ ਇਸ ਵਿਚ ਕਰੀਬ 23 ਫ਼ੀਸਦ ਦਾ ਉਛਾਲ ਆਇਆ ਹੈ। ਪਹਿਲਾਂ ਜਾਣਕਾਰਾਂ ਦਾ ਕਹਿਣਾ ਸੀ ਕਿ ਕੋਰੋਨਾ ਕਾਲ 'ਚ ਮੁਦਰਾ ਲੋਨ ਦੇ NPA ਹੋਣ ਦੀ ਸੰਭਾਵਨਾ ਘੱਟ ਹੈ ਕਿਉਂਕਿ RBI ਨੇ ਛੇ ਮਹੀਨੇ ਲਈ ਮੋਰੇਟੋਰੀਅਮ ਦਾ ਐਲਾਨ ਕੀਤਾ ਸੀ, ਪਰ ਇਸ ਦੇ NPA 'ਚ ਬਦਲਣ ਨਾਲ ਪਰੇਸ਼ਾਨੀ ਵਧ ਗਈ ਹੈ।

ਬਿਜ਼ਨੈੱਸ ਟੁਡੇ ਦੀ ਰਿਪੋਰਟ ਮੁਤਾਬਕ ਛੋਟੇ ਬਿਜ਼ਨੈੱਸਮੈਨ ਨੂੰ ਮਿਲਣ ਵਾਲੇ ਮੁਦਰਾ ਲੋਨ 'ਚ ਹੌਲੀ-ਹੌਲੀ NPA ਵਧ ਰਿਹਾ ਹੈ। ਬੈਂਕਾਂ ਸਾਹਮਣੇ ਮਜਬੂਰੀ ਇਹ ਹੈ ਕਿ ਉਨ੍ਹਾਂ ਨੂੰ ਇਹ ਲੋਨ ਜਾਰੀ ਰੱਖਣਾ ਪਵੇਗਾ। ਇਸ ਕਾਰਨ ਉਨ੍ਹਾਂ ਦੀ ਪ੍ਰੋਵਿਜ਼ਨਿੰਗ ਲਗਾਤਾਰ ਵਧਦੀ ਜਾ ਰਹੀ ਹੈ। ਵਿੱਤੀ ਵਰ੍ਹੇ 2020-21 'ਚ ਐੱਸਬੀਆਈ ਦਾ ਆਉਟਸਟੈਂਡਿੰਗ ਮੁਦਰਾ ਲੋਨ 26,302 ਕਰੋੜ ਰੁਪਏ ਦਾ ਹੈ ਜਦਕਿ ਇਸ ਵਿਚ NPA 6000 ਕਰੋੜ ਦਾ ਹੈ। ਬੈਂਕਰਜ਼ ਦਾ ਕਹਿਣਾ ਹੈ ਕਿ ਮੁਦਰਾ ਲੋਨ 'ਚ ਐੱਨਪੀਏ ਹੋਰ ਕਰਜ਼ਿਆਂ ਜਿਵੇਂ ਐਗਰੀਕਲਚਰ ਲੋਨ, MSME ਲੋਨ ਦੇ ਮੁਕਾਬਲੇ ਕਾਫੀ ਜ਼ਿਆਦਾ ਹੈ।

ਸ਼ਕਤੀਕਾਂਤ ਦਾਸ ਨੇ ਵਧਦੇ NPA ਸਬੰਧੀ ਕੀਤਾ ਸੀ ਚੌਕਸ

ਮੁਦਰਾ ਲੋਨ ਅਮੂਮਨ 3-5 ਸਾਲਾਂ ਲਈ ਦਿੱਤਾ ਜਾਂਦਾ ਹੈ। ਮੌਜੂਦਾ ਸਮੇਂ ਇਸ ਸਕੀਮ ਤਹਿਤ ਵੱਧ ਤੋਂ ਵੱਧ 10 ਲੱਖ ਰੁਪਏ ਦਾ ਲੋਨ ਮਿਲਦਾ ਹੈ। RBI ਵੱਲੋਂ ਨਿਯੁਕਤ ਯੂਕੇ ਸਿਨ੍ਹਾ ਕਮੇਟੀ ਨੇ ਆਪਣੀ ਰਿਪੋਰਟ 'ਚ ਕਿਹਾ ਸੀ ਕਿ ਇਸ ਦੀ ਲਿਮਟ ਵਧਾ ਕੇ 20 ਲੱਖ ਕਰ ਦੇਣੀ ਚਾਹੀਦੀ ਹੈ। ਹਾਲਾਂਕਿ ਬੈਂਕਿੰਗ ਮਾਹਿਰਾਂ ਨੇ ਇਸ ਲੋਨ ਦੇ ਬੈਡ ਲੋਨ 'ਚ ਕਨਵਰਟ ਹੋਣ 'ਤੇ ਚਿੰਤਾ ਪ੍ਰਗਟਾਈ ਹੈ। ਗਵਰਨਰ ਸ਼ਕਤੀਕਾਂਤ ਦਾਸ ਨੇ ਵੀ ਪਿਛਲੇ ਦਿਨੀਂ ਬੈਂਕਾਂ ਨੂੰ ਕਿਹਾ ਸੀ ਕਿ ਮੁਦਰਾ ਲੋਨ 'ਚ ਬੈਡ ਲੋਨ ਸਬੰਧੀ ਚੌਕਸ ਰਹੋ।

ਤਿੰਨ ਤਰ੍ਹਾਂ ਦਾ ਹੁੰਦਾ ਹੈ ਮੁਦਰਾ ਲੋਨ

ਇਹ ਲੋਨ ਘੱਟ ਤੋਂ ਘੱਟ 50 ਹਜ਼ਾਰ ਰੁਪਏ ਤੇ ਵੱਧ ਤੋਂ ਵੱਧ 10 ਲੱਖ ਰੁਪਏ ਦਾ ਹੁੰਦਾ ਹੈ। ਇਹ ਤਿੰਨ ਤਰ੍ਹਾਂ ਦਾ ਹੁੰਦਾ ਹੈ। Mudra Sishu ਤਹਿਤ 50 ਹਜ਼ਾਰ ਰੁਪਏ ਤਕ ਦਾ ਲੋਨ ਮਿਲਦਾ ਹੈ। Mudra Kishor ਤਹਿਤ 50 ਹਜ਼ਾਰ ਰੁਪਏ ਤੋਂ 50 ਲੱਖ ਤਕ ਦਾ ਲੋਨ ਮਿਲਦਾ ਹੈ ਜਦਕਿ Mudra Tarun ਤਹਿਤ 5 ਲੱਖ ਤੋਂ 10 ਲੱਖ ਤਕ ਦਾ ਲੋਨ ਮਿਲਦਾ ਹੈ। ਐਂਟਰਪ੍ਰੇਨਿਓਰਸ਼ਿਪ ਨੂੰ ਹੱਲਾਸ਼ੇਰੀ ਦੇਣ ਲਈ ਸਰਕਾਰ ਦੀ ਕੋਸ਼ਿਸ਼ ਰਹਿੰਦੀ ਹੈ ਕਿ ਵੱਧ ਤੋਂ ਵੱਧ ਲੋਕਾਂ ਨੂੰ ਮੁਦਰਾ ਸ਼ਿਸ਼ੂ ਦਾ ਫਾਇਦਾ ਮਿਲੇ। ਇਸ ਵਿਚ ਲੋਨ ਦੀ ਰਕਮ ਵੀ ਘੱਟ ਹੁੰਦੀ ਹੈ। ਜੇਕਰ ਕੋਈ ਇਸ ਛੋਟੇ ਕਰਜ਼ ਨਾਲ ਦੁਕਾਨ ਵੀ ਸ਼ੁਰੂ ਕਰਦਾ ਹੈ ਤਾਂ ਇਕ ਪਰਿਵਾਰ ਦਾ ਪੇਟ ਆਸਾਨੀ ਨਾਲ ਭਰਿਆ ਜਾ ਸਕਦਾ ਹੈ।

ਮੁਦਰਾ ਲੋਨ ਦਾ ਮਕਸਦ ਕੀ ਹੈ

ਇਸ ਸਕੀਮ ਨੂੰ ਸ਼ੁਰੂ ਕਰਨ ਦੇ ਕਈ ਮਕਸਦ ਹਨ। ਸਭ ਤੋਂ ਵੱਡਾ ਮਕਸਦ ਐਂਟਰਪ੍ਰੇਨਿਓਰਸ਼ਿਪ ਨੂੰ ਹੱਲਾਸ਼ੇਰੀ ਦੇਣੀ ਹੈ ਜਿਸ ਨਾਲ ਰੁਜ਼ਗਾਰ 'ਚ ਤੇਜ਼ੀ ਆਵੇ ਤੇ ਬੇਰੁਜ਼ਗਾਰੀ ਘਟੇ। ਇਹ ਲੋਨ ਵੈਂਡਰਜ਼, ਟ੍ਰੇਡਰਜ਼ ਤੇ ਦੁਕਾਨਦਾਰਾਂ ਨੂੰ ਦਿੱਤਾ ਜਾਂਦਾ ਹੈ। ਮਾਈਕ੍ਰੋ ਯੂਨਿਟ ਨੂੰ ਇਕਵੀਪਮੈਂਟਸ ਲਈ ਵੀ ਇਹ ਕਰਜ਼ ਮਿਲਦਾ ਹੈ। ਕਮਰਸ਼ੀਅਲ ਪਰਪਜ਼ ਤੋਂ ਵਾਹਨ ਖਰੀਦਣ ਲਈ ਇਹ ਕਰਜ਼ ਮਿਲਦਾ ਹੈ। ਇਸ ਤੋਂ ਇਲਾਵਾ ਖੇਤੀ ਸਬੰਧੀ ਕੰਮ ਜਿਵੇਂ ਮੱਖੀ ਪਾਲਣ, ਮੱਛੀ ਪਾਲਣ, ਮੁਰਗੀ ਪਾਲਣ ਵਰਗੇ ਕੰਮਾਂ ਲਈ ਵੀ ਇਹ ਕਰਜ਼ ਲਿਆ ਜਾ ਸਕਦਾ ਹੈ। ਹਾਲਾਂਕਿ ਖੇਤੀ ਸਬੰਧੀ ਕੰਮਾਂ ਤੇ ਖੇਤੀ ਲਈ ਇਹ ਕਰਜ਼ ਨਹੀਂ ਮਿਲਦਾ ਹੈ।

Posted By: Seema Anand