ਨਵੀਂ ਦਿੱਲੀ, ਬਿਜ਼ਨੈੱਸ ਡੈਸਕ : ਅੱਜ ਦਾ ਦੌਰ ਤੇਜ਼ੀ ਨਾਲ ਬਦਲ ਰਿਹਾ ਹੈ। ਡਿਜੀਟਲ ਪੇਮੈਂਟ ਨੈੱਟਵਰਕ ਦੇ ਵਧਣ ਕਾਰਨ ਵੱਡੀ ਗਿਣਤੀ ਲੋਕਾਂ ਨੇ ਪਹਿਲਾਂ ਨਾਲੋਂ ਘੱਟ ਏਟੀਐਮ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ ਪਰ ਸਮੇਂ ਦੇ ਨਾਲ ਚੀਜ਼ਾਂ ਬਦਲਦੀਆਂ ਰਹਿੰਦੀਆਂ ਹਨ। ਪੈਸਿਆਂ ਦੇ ਨਾਲ-ਨਾਲ ਸੋਨਾ ਮੁਹੱਈਆ ਕਰਵਾਉਣ ਵਾਲੇ ਏਟੀਐਮ ਬਾਜ਼ਾਰ 'ਚ ਆ ਗਏ ਹਨ। ਇਸ ਦੀ ਸ਼ੁਰੂਆਤ ਹੈਦਰਾਬਾਦ ਦੀ ਇਕ ਗੋਲਡ ਕੰਪਨੀ ਨੇ ਕੀਤੀ ਹੈ। ਇਸ ਲੇਖ 'ਚ ਅਸੀਂ ਜਾਣਾਂਗੇ ਕਿ ਇਹ ਗੋਲਡ ਏਟੀਐਮ ਕਿਵੇਂ ਕੰਮ ਕਰਦਾ ਹੈ ਤੇ ਤੁਸੀਂ ਇਕ ਵਾਰ ਵਿਚ ਏਟੀਐਮ ਤੋਂ ਕਿੰਨਾ ਸੋਨਾ ਕਢਵਾ ਸਕਦੇ ਹੋ ਤੇ ਇਸਦੀ ਕੀਮਤ ਕੀ ਹੋਵੇਗੀ।

ਕਿਵੇਂ ਕੰਮ ਕਰਦਾ ਹੈ ਗੋਲਡ ਏਟੀਐਮ ?

ਗੋਲਡ ਏਟੀਐਮ ਦੀ ਸਥਾਪਨਾ ਹੈਦਰਾਬਾਦ ਦੀ ਇਕ ਸਟਾਰਟਅਪ ਕੰਪਨੀ ਗੋਲਡਸਿੱਕਾ ਵੱਲੋਂ ਕੀਤੀ ਗਈ ਹੈ। ਕੰਪਨੀ ਨੇ ਦੱਸਿਆ ਹੈ ਕਿ ਕੋਈ ਵੀ ਗਾਹਕ ਆਪਣੇ ਬੈਂਕ ਦੇ ATM ਕਾਰਡ ਤੋਂ 24*7 ਗੋਲਡ ਕੁਆਇਨ ਕਢਵਾ ਸਕਦਾ ਹੈ। ATM 'ਤੇ ਡੈਬਿਟ, ਕ੍ਰੈਡਿਟ, ਪ੍ਰੀਪੇਡ ਤੇ ਪੋਸਟਪੇਡ ਸਮਾਰਟ ਕਾਰਡ ਸਵੀਕਾਰ ਕੀਤੇ ਜਾ ਰਹੇ ਹਨ। ਪਹਿਲਾ ਏਟੀਐਮ ਕੰਪਨੀ ਦੇ ਮੁੱਖ ਦਫ਼ਤਰ ਅਸ਼ੋਕਾ ਰਘੁਪਤੀ ਚੈਂਬਰਜ਼, ਬੇਗਮਪੇਟ, ਹੈਦਰਾਬਾਦ ਵਿਖੇ ਲਗਾਇਆ ਗਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਅਜਿਹੇ ATM ਹਵਾਈ ਅੱਡਿਆਂ 'ਤੇ ਵੀ ਲਗਾਏ ਜਾਣਗੇ।

ਇਕ ਵਾਰ 'ਚ ਕਿੰਨਾ ਸੋਨਾ ਕਢਵਾਇਆ ਜਾ ਸਕਦਾ ਹੈ?

ਕੰਪਨੀ ਨੇ ਦੱਸਿਆ ਹੈ ਕਿ ATM 'ਚ 0.5 ਤੋਂ 100 ਗ੍ਰਾਮ ਤਕ ਦੇ ਸੋਨੇ ਦੇ ਸਿੱਕੇ ਹੋਣਗੇ। ਇਹ ਸਾਰੇ ਸੋਨੇ ਦੇ ਸਿੱਕੇ 24 ਕੈਰੇਟ ਦੇ ਹੋਣਗੇ। ਇਕ ਏਟੀਐਮ 'ਚ ਇੱਕ ਵਾਰ ਵਿੱਚ ਵੱਧ ਤੋਂ ਵੱਧ ਪੰਜ ਕਿਲੋ ਤਕ ਗੋਲਡ ਭਰਿਆ ਜਾ ਸਕਦਾ ਹੈ, ਜਿਸਦੀ ਕੀਮਤ ਲਗਪਗ 2-3 ਕਰੋੜ ਰੁਪਏ ਹੋਵੇਗੀ। ਹਾਲਾਂਕਿ, ਗਾਹਕ ਇਕ ਵਾਰ ਵਿਚ ਕਿੰਨਾ ਸੋਨਾ ਕਢਵਾ ਸਕਦਾ ਹੈ? ਇਸ ਬਾਰੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਹੈ।

ਕੀ ਹੋਵੇਗੀ ਸੋਨੇ ਦੀ ਕੀਮਤ ?

ਕੰਪਨੀ ਨੇ ਦੱਸਿਆ ਕਿ ਲਾਈਵ ਮਾਰਕੀਟ ਰੇਟ ਦੇ ਹਿਸਾਬ ਨਾਲ ਏਟੀਐਮ 'ਚ ਸੋਨੇ ਦੇ ਸਿੱਕੇ ਉਪਲਬਧ ਹੋਣਗੇ। ਕਿਸੇ ਵੀ ਗਾਹਕ ਦੇ ਏਟੀਐਮ 'ਤੇ ਲੈਣ-ਦੇਣ ਸ਼ੁਰੂ ਕਰਨ ਤੋਂ ਪਹਿਲਾਂ ਟੈਕਸਾਂ ਦੇ ਨਾਲ ਚੁਣੇ ਗਏ ਸਿੱਕੇ ਦੀ ਕੀਮਤ ਸਕ੍ਰੀਨ 'ਤੇ ਦਿਖਾਈ ਜਾਵੇਗੀ।

ATM ਤੋਂ ਸੋਨਾ ਨਹੀਂ ਨਿਕਲਦਾ ਤਾਂ ਕੀ ਹੋਵੇਗਾ?

ਕੰਪਨੀ ਮੁਤਾਬਕ ਜੇਕਰ ਕਿਸੇ ਗਾਹਕ ਦੇ ਲੈਣ-ਦੇਣ ਲਈ ਪੈਸਾ ਕੱਟ ਜਾਂਦਾ ਹੈ ਤੇ ਗੋਲਡ ਕੁਆਇਨ ਨਹੀਂ ਨਿਕਲਦਾ ਹੈ ਤਾਂ 24 ਘੰਟਿਆਂ ਦੇ ਅੰਦਰ ਉਸ ਦੇ ਖਾਤੇ 'ਚ ਪੈਸੇ ਵਾਪਸ ਆ ਜਾਣਗੇ। ਇਸ ਦੇ ਨਾਲ ਹੀ ਜੇਕਰ ਕਿਸੇ ਗਾਹਕ ਨੂੰ ਕੋਈ ਸਮੱਸਿਆ ਹੈ ਤਾਂ ਉਹ ਕੰਪਨੀ ਦੇ ਹੈਲਪਲਾਈਨ ਨੰਬਰ 'ਤੇ ਵੀ ਕਾਲ ਕਰ ਸਕਦਾ ਹੈ।

Posted By: Seema Anand