ਨਵੀਂ ਦਿੱਲੀ : ਦੇਸ਼ ਵਿਚ ਇਲੈਕਟ੍ਰਨਿਕ ਵਾਹਨਾਂ ਨੂੰ ਹੱਲਾਸ਼ੇਰੀ ਦੇਣ ਅਤੇ ਪੈਟਰੋਲ-ਡੀਜ਼ਲ ਗੱਡੀਆਂ ਦੀ ਵਰਤੋਂ ਘਟਾਉਣ ਲਈ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਕੇਂਦਰ ਸਰਕਾਰ ਨੇ ਪੈਟਰੋਲ-ਡੀਜ਼ਲ ਵਾਹਨਾਂ ਦੀ ਗਿਣਤੀ ਘਟਾਉਣ ਲਈ ਇਨ੍ਹਾਂ ਦੀ ਰਜਿਸਟ੍ਰੇਸ਼ਨ ਫੀਸ ਕਈ ਗੁਣਾ ਵਧਾ ਦਿੱਤੀ ਹੈ। ਇਨ੍ਹਾਂ ਵਾਹਨਾਂ ਦੀ ਮੁੜ ਪੰਜੀਕਰਨ ਫੀਸ (Registration Renewal), ਨਵੇਂ ਵਾਹਨ ਦੀ ਪੰਜੀਕਰਨ ਫੀਸ ਤੋਂ ਵੀ ਲਗਪਗ ਦੁੱਗਣੀ ਕਰ ਦਿੱਤੀ ਗਈ ਹੈ। ਮਤਲਬ ਹੁਣ ਤੁਸੀਂ ਨਵਾਂ ਪੈਟਰੋਲ ਜਾਂ ਡੀਜ਼ਲ ਵਾਹਨ ਖਰੀਦੋ ਜਾਂ ਪੁਰਾਣੇ ਦਾ ਮੁੜ ਪੰਜੀਕਰਨ ਕਰਵਾਓ, ਇਸ ਲਈ ਤੁਹਾਨੂੰ ਜੇਬ੍ਹ ਜ਼ਿਆਦਾ ਢਿੱਲੀ ਕਰਨੀ ਪਵੇਗੀ।

ਨਵੇਂ ਨਿਯਮਾਂ ਤਹਿਤ ਤੁਹਾਨੂੰ ਛੇਤੀ ਹੀ ਹੁਣ ਨਵੀਂ ਪੈਟਰੋਲ ਤੇ ਡੀਜ਼ਲ ਕਾਰ ਦੇ ਪੰਜੀਕਰਨ ਲਈ 5,000 ਰੁਪਏ ਦੀ ਫੀਸ ਦੇਣੀ ਪਵੇਗੀ। ਉੱਥੇ ਪੁਰਾਣੇ ਪੈਟਰੋਲ-ਡੀਜ਼ਲ ਵਾਹਨਾਂ ਦੀ ਮੁੜ ਰਜਿਸਟ੍ਰੇਸ਼ਨ ਲਈ ਤੁਹਾਨੂੰ 10,000 ਰੁਪਏ ਫੀਸ ਦੇਣੀ ਪਵੇਗੀ। ਇਨ੍ਹਾਂ ਦੋਵਾਂ ਫੀਸਾਂ 'ਚ ਤਕਰੀਬਨ 9 ਤੋਂ 17 ਗੁਣਾ ਦਾ ਵਾਧਾ ਕੀਤਾ ਗਿਆ ਹੈ। ਜਾਣਕਾਰਾਂ ਅਨੁਸਾਰ ਸਰਕਾਰ ਦੇ ਇਸ ਕਦਮ ਦਾ ਉਦੇਸ਼ ਪੈਟਰੋਲ ਤੇ ਡੀਜ਼ਲ ਕਾਰਾਂ ਦੀ ਵਿਕਰੀ ਤੇ ਉਨ੍ਹਾਂ ਦੀ ਰਜਿਸਟ੍ਰੇਸ਼ਨ ਨਵੀਨੀਕਰਨ ਨੂੰ ਘਟਾਉਣਾ ਤੇ ਇਲੈਕਟ੍ਰਿਕ ਕਾਰਾਂ ਨੂੰ ਬੜ੍ਹਾਵਾ ਦੇਣਾ ਹੈ।

ਦੋ ਪਹੀਆ ਵਾਹਨ ਦੀ ਰਜਿਸਟ੍ਰੇਸ਼ਨ 'ਚ ਵੀ 20 ਗੁਣਾ ਵਾਧਾ

ਇਸ ਪ੍ਰਸਤਾਵ 'ਚ ਨਵੇਂ ਦੋ ਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ ਫੀਸ 'ਚ ਵੀ 20 ਗੁਣਾ ਤਕ ਦਾ ਵਾਧਾ ਕੀਤਾ ਜਾਣਾ ਹੈ। ਨਵੇਂ ਦੋ ਪਹੀਆ ਵਾਹਨ ਦੀ ਰਜਿਸਟ੍ਰੇਸ਼ਨ ਫੀਸ ਫ਼ਿਲਹਾਲ 50 ਰੁਪਏ ਹੈ ਕੇਂਦਰ ਸਰਕਾਰ ਇਸ ਨੂੰ ਵਧਾ ਕੇ ਹੁਣ 1000 ਰੁਪਏ ਕਰਨ ਜਾ ਰਹੀ ਹੈ। ਉੱਥੇ ਦੋ ਪਹੀਆ ਵਾਹਨਾਂ ਦੀ ਮੁੜ ਰਜਿਸਟ੍ਰੇਸ਼ਨ ਫੀਸ 'ਚ 40 ਗੁਣਾ ਇਜਾਫਾ ਕੀਤਾ ਜਾਣਾ ਪ੍ਰਸਤਾਵਿਤ ਹੈ। ਪੁਰਾਣੇ ਦੋ ਪਹੀਆ ਵਾਹਨ ਦੇ ਪੰਜੀਕਰਨ ਨਵੀਨੀਕਰਨ 'ਤੇ ਹੁਣ 50 ਰੁਪਏ ਦੀ ਜਗ੍ਹਾ 2000 ਰੁਪਏ ਦੀ ਫੀਸ ਦੇਣੀ ਪਵੇਗੀ।

ਕੈਬ ਪੰਜੀਕਰਨ 'ਚ 10 ਤੋਂ 20 ਗੁਣਾ ਵਾਧਾ

ਨਵੀਂ ਕੈਬ ਦੇ ਪੰਜੀਕਰਨ ਤੇ ਪੁਰਾਣਿਆਂ ਦੀ ਪੰਜੀਕਰਨ ਨਵੀਨੀਕਰਨ ਫੀਸ 'ਚ ਵੀ 10 ਤੋਂ 20 ਗੁਣਾ ਜ਼ਿਆਦਾ ਵਾਧਾ ਕੀਤਾ ਗਿਆ ਹੈ। ਫ਼ਿਲਹਾਲ ਨਵੀਂ ਕੈਬ ਦੇ ਪੰਜੀਕਰਨ ਦੀ ਫੀਸ ਸਿਰਫ਼ 1000 ਰੁਪਏ ਹੈ। ਕੇਂਦਰ ਸਰਕਾਰ ਹੁਣ ਨਵੀਂ ਕੈਬ ਦੀ ਪੰਜੀਕਰਨ ਫੀਸ 10,000 ਰੁਪਏ ਤੇ ਪੁਰਾਣੀ ਕੈਬ ਦੇ ਮੁੜ ਪੰਜੀਕਰਨ ਦੀ ਫੀਸ 20,000 ਰੁਪਏ ਕਰਨ ਜਾ ਰਹੀ ਹੈ।

ਦਰਾਮਦ ਵਾਹਨਾਂ ਦੀ ਵਧੇਗੀ ਕੀਮਤ

ਦਰਾਮਦ ਕੀਤੇ ਵਾਹਨਾਂ ਦੀ ਪੰਜੀਕਰਨ ਫੀਸ 'ਚ ਵੀ ਸਰਕਾਰ ਅੱਠ ਗੁਣਾ ਇਜ਼ਾਫਾ ਕਰਨ ਜਾ ਰਹੀ ਹੈ। ਫ਼ਿਲਹਾਲਾ ਦਰਾਮਦ ਕੀਤੇ ਵਾਹਨ ਦੀ ਪੰਜੀਕਰਨ ਫੀਸ 5000 ਰੁਪਏ ਹੈ। ਸਰਕਾਰ ਇਸ ਨੂੰ ਵਧਾ ਕੇ 40,000 ਰੁਪਏ ਕਰਨ ਜਾ ਰਹੀ ਹੈ। ਵਰਤਮਾਨ 'ਚ ਦਰਾਮਦ ਦੋਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ ਫੀਸ 2500 ਰੁਪਏ ਹੈ। ਇਸ ਨੂੰ ਵਧਾ ਕੇ 20,000 ਰੁਪਏ ਕੀਤਾ ਜਾ ਰਿਹਾ ਹੈ।

Posted By: Seema Anand