ਨਵੀਂ ਦਿੱਲੀ : ਹਾਲ ਦੇ ਸਮੇਂ ਤਕਨੀਕ ਜ਼ਰੀਏ ਕੰਮ ਜਿੰਨਾ ਆਸਾਨ ਹੋ ਗਿਆ ਹੈ, ਉੱਥੇ ਇਸੇ ਤਕਨੀਕ ਨੇ ਨਵੀਆਂ-ਨਵੀਆਂ ਮੁਸੀਬਤਾਂ ਖੜ੍ਹੀਆਂ ਕਰ ਦਿੱਤੀਆਂ ਹਨ। ਅਜਿਹੇ ਵਿਚ ਸਭ ਤੋਂ ਜ਼ਿਆਦਾ ਧੋਖਾਧੜੀ ਬੈਂਕਿੰਗ ਸੈਕਟਰ 'ਚ ਦੇਖਣ ਨੂੰ ਮਿਲ ਰਹੀ ਹੈ। ਚਾਹੇ ਉਹ ਇੰਟਰਨੈੱਟ ਬੈਂਕਿੰਗ ਹੋਵੇ ਜਾਂ ATM ਜ਼ਰੀਏ ਪੈਸਾ ਕਢਵਾਉਣਾ। ਫ਼ਿਲਹਾਲ ਏਟੀਐੱਮ ਕਾਰਡ ਦੀ ਕਲੋਨਿੰਗ ਕਰ ਕੇ ਸਭ ਤੋਂ ਜ਼ਿਆਦਾ ਫਰਾਡ ਦੇ ਮਾਮਲੇ ਵਧ ਰਹੇ ਹਨ। ਇਸ ਤੋਂ ਬਚਣ ਲਈ ਤੁਸੀਂ ਬਿਨਾਂ ਕਾਰਡ ਇਸਤੇਮਾਲ ਕੀਤੇ ਵੀ ਪੈਸੇ ਕਢਵਾ ਸਕਦੇ ਹੋ। ਆਓ ਜਾਣਦੇ ਹਾਂ ਬਿਨਾਂ ਕਾਰਡ ਵਰਤੇ ਕਿਵੇਂ ਕੱਢੀਏ ਪੈਸੇ...

SBI ATM, ਬਿਨਾਂ ਕਾਰਡ ਕੱਢੋ ਪੈਸੇ

ਸਟੈੱਪ-1 : SBI ਨੇ YONO ਐਪ ਦੀ ਸ਼ੁਰੂਆਤ ਕੀਤੀ ਹੈ ਜਿਸ ਦੀ ਮਦਦ ਨਾਲ ਬਿਨਾਂ ਕਾਰਡ ਦੇ ਵੀ ਏਟੀਐੱਮ ਤੋਂ ਪੈਸੇ ਕਢਵਾਏ ਜਾ ਸਕਦੇ ਹਨ। ਇਸ ਲਈ ਸਭ ਤੋਂ ਪਹਿਲਾਂ ਤੁਹਾਨੂੰ SBI YONO ਡਾਊਨਲੋਡ ਕਰਨਾ ਪਵੇਗਾ।

ਸਟੈੱਪ-2 : ਇਸ ਤੋਂ ਬਾਅਦ ਤੁਹਾਨੂੰ ਆਪਣੀ ਨੈੱਟਬੈਂਕਿੰਗ ਯੂਜ਼ਰ ਆਈਡੀ ਅਤੇ ਪਾਸਵਰਡ ਭਰਨਾ ਪਵੇਗਾ। ਇਸ ਦੇ ਲਈ ਤੁਹਾਡੇ ਕੋਲ ਐਕਟਿਵ ਇੰਟਰਨੈੱਟ ਬੈਂਕਿੰਗ ਅਕਾਊਂਟ ਹੋਣਾ ਚਾਹੀਦੈ। ਐਕਟਿਵ ਯੂਜ਼ਰ ਆਈਡੀ ਅਤੇ ਪਾਸਵਰਡ ਦਰਜ ਕਰਨ ਤੋਂ ਬਾਅਦ ਦੁਬਾਰਾ ਲਾਗਇਨ 'ਤੇ ਕਲਿੱਕ ਕਰੋ।

ਸਟੈੱਪ-3 : ਹੁਣ ਤੁਹਾਨੂੰ ਐੱਸਬੀਆਈ ਯੋਨੋ ਡੈਸ਼ਬੋਰਡ ਨਜ਼ਰ ਆਵੇਗਾ, ਇੱਥੇ ਤੁਹਾਨੂੰ ਆਪਣੇ ਅਕਾਊਂਟ ਦੀ ਪੂਰੀ ਜਾਣਕਾਰੀ ਮਿਲ ਜਾਵੇਗੀ। ਇਸ ਵੈੱਬਸਾਈਟ ਜ਼ਰੀਏ ਕਾਰਡਲੈੱਸ ਕੈਸ਼ ਨਿਕਾਸੀ ਲਈ ਵੈੱਬਸਾਈਟ 'ਚ ਹੇਠਾਂ ਵੱਲ 'ਮਾਈ ਰਿਵਾਰਡਜ਼' ਸੈਕਸ਼ਨ 'ਚ ਸਕ੍ਰਾਲ ਕਰਨਾ ਪਵੇਗਾ। ਇੱਥੇ ਤੁਹਾਨੂੰ 6 ਬਦਲ YONO Pay, YONO Cash, Bill Pay, Products, Shop, Book & Order ਵਰਗੀਆਂ ਆਪਸ਼ਨਜ਼ ਨਜ਼ਰ ਆਉਣਗੀਆਂ। ਇਨ੍ਹਾਂ ਵਿਚੋਂ ਤੁਸੀਂ YONO Cash ਟੈਬ 'ਤੇ ਕਲਿੱਕ ਕਰਨਾ ਹੈ।

ਸਟੈੱਪ-4 : ਇੱਥੇ ਤੁਸੀਂ ਰੋਜ਼ਾਨਾ ਕਿੰਨਾ ਲੈਣ-ਦੇਣ ਕਰ ਸਕਦੇ ਹੋ, ਇਸ ਬਾਰੇ ਜਾਣਕਾਰੀ ਮਿਲੇਗੀ। ਨੈੱਟ ਬੈਂਕਿੰਗ ਯੂਜ਼ਰ ਇਕ ਟ੍ਰਾਂਜ਼ੈਕਸ਼ਨ 'ਚ 500 ਤੋਂ 10,000 ਰੁਪਏ ਤਕ ਕਢਵਾ ਸਕਦੇ ਹੋ। ਇਕ ਦਿਨ ਵਿਚ ਯੋਨੋ ਵੈੱਬਸਾਈਟ ਜ਼ਰੀਏ ਐੱਸਬੀਆਈ ਏਟੀਐੱਮ ਰਾਹੀਂ ਤੁਸੀਂ ਵਧ ਤੋਂ ਵਧ 20,000 ਰੁਪਏ ਕਢਵਾ ਸਕਦੇ ਹੋ। ਤੁਸੀਂ ਬਿਨਾਂ ਡੈਬਿਟ ਕਾਰਡ ਜਾਂ ਬਿਨਾਂ ਯੋਨੋ ਐਪ ਵਾਲੇ ਸਮਾਰਟ ਫੋਨ 'ਤੇ ਇਹ ਟ੍ਰਾਂਜ਼ੈਕਸ਼ਨ ਕਰ ਸਕਦੇ ਹੋ। ਸਾਰੀ ਜਾਣਕਾਰੀ ਪ੍ਰਾਪਤ ਕਰਨ ਤੋਂ ਬਾਅਦ Request YONO Cash 'ਤੇ ਕਲਿੱਕ ਕਰੋ।

ਸਟੈੱਪ-5 : 'Request YONO Cash' ਅੰਦਰ ਤੁਸੀਂ ਸੇਵਿੰਗ ਅਕਾਊਂਟ 'ਚ ਬੈਲੇਂਸ ਰਕਮ ਦੇਖ ਸਕਦੇ ਹੋ। ਬੈਲੇਂਸ ਰਕਮ ਵਾਲੇ ਟੈਬ ਦੇ ਹੇਠਾਂ ਦਿੱਤੀ ਗਈ ਜਗ੍ਹਾ 'ਚ ਤੁਸੀਂ ਉਹ ਰਕਮ ਦਰਜ ਕਰਨੀ ਹੈ ਜਿਹੜੀ ਤੁਸੀਂ ਕਢਵਾਉਣੀ ਚਾਹੁੰਦੇ ਹੋ। ਇਸ ਤੋਂ ਬਾਅਦ 'Next' 'ਤੇ ਕਲਿੱਕ ਕਰੋ।

ਸਟੈੱਪ-6 : ਟ੍ਰਾਂਜ਼ੈਕਸ਼ਨ ਲਈ 6 ਅੰਕਾਂ ਦਾ YONO ਕੈਸ਼ ਪਿਨ ਦਰਜ ਕਰ ਕੇ YONO ਵੈੱਬਸਾਈਟ ਜ਼ਰੀਏ ਨਗਦ ਨਿਕਾਸੀ ਪ੍ਰਕਿਰਿਆ ਸ਼ੁਰੂ ਕਰੋ।

ਇਸ ਸਰਵਿਸ 'ਚ ਦੋ ਤਰ੍ਹਾਂ ਦੀ ਪੁਸ਼ਟੀ ਕੀਤੀ ਜਾਂਦੀ ਹੈ। ਪਹਿਲੀ 6 ਅੰਕਾਂ ਦਾ ਨਗਦ ਪਿਨ, ਜਿਸ ਨੂੰ ਵੈੱਬਸਾਈਟ 'ਤੇ ਬਣਾਉਣਾ ਪਵੇਗਾ। ਦੂਸਰੀ ਤੁਹਾਡੇ ਮੋਬਾਈਲ ਨੰਬਰ 'ਤੇ ਐੱਸਐੱਮਐੱਸ ਜ਼ਰੀਏ 6 ਅੰਕਾਂ ਦਾ ਰੈਫਰੈਂਸ ਨੰਬਰ ਮਿਲੇਗਾ। ਸਾਧਾਰਨ ਫੋਨ ਜ਼ਰੀਏ ਵੀ ਲੈਣ-ਦੇਣ ਕੀਤਾ ਜਾ ਸਕਦਾ ਹੈ। ਕਾਰਡ ਲੈੱਸ ਕੈਸ਼ ਨਿਕਾਸੀ ਲਈ ਤੁਹਾਨੂੰ 30 ਮਿੰਟ ਦੀ ਸਮੇਂ-ਸੀਮਾ ਅੰਦਰ ਨਜ਼ਦੀਕੀ ਐੱਸਬੀਆਈ ਏਟੀਐੱਮ 'ਤੇ ਜਾ ਕੇ ਇਸ ਰੈਫਰੈਂਸ ਨੰਬਰ ਨੂੰ ਦਰਜ ਕਰਨਾ ਪਵੇਗਾ। ਇਕ ਵਾਰੀ ਜਦੋਂ ਇਹ ਪ੍ਰਕਿਰਿਆ ਪੂਰੀ ਹੋ ਜਾਵੇਗੀ ਤਾਂ ਉਸ ਤੋਂ ਬਾਅਦ ਏਟੀਐੱਮ ਤੋਂ ਕੈਸ਼ ਨਿਕਲ ਜਾਵੇਗਾ।

Posted By: Seema Anand