ਜੇਐੱਨਐੱਨ, ਨਵੀਂ ਦਿੱਲੀ : ਜਿਸ ਤਰ੍ਹਾਂ ਦਸੰਬਰ ਦੀ ਤਾਰੀਕ ਨੇੜੇ ਆਉਂਦੀ ਜਾ ਰਹੀ ਹੈ, ਰਾਜਮਾਰਗਾਂ 'ਤੇ ਆਟਮੈਟਿਕ ਇਲੈਕਟ੍ਰਾਨਿਕ ਟੋਲ ਅਦਾਇਗੀ ਲਈ ਫਾਸਟੈਗ ਦੀ ਵਿਕਰੀ ਵਿਚ ਵਾਧਾ ਹੋ ਰਿਹਾ ਹੈ। ਜਿਥੇ ਅਕਤੂਬਰ ਤਕ ਰੋਜ਼ਾਨਾ ਸਿਰਫ਼ 25 ਹਜ਼ਾਰ ਫਾਸਟੈਗ ਵਿਕ ਰਹੇ ਸਨ, ਉਥੇ ਇਕ ਦਸੰਬਰ ਤੋਂ ਫਾਸਟੈਗ ਜ਼ਰੂਰੀ ਹੋਣ ਅਤੇ ਉਦੋਂ ਤਕ ਇਸ ਨੂੰ ਐੱਨਐੱਚਏਆਈ ਵੱਲੋਂ ਮੁਫ਼ਤ ਮੁਹੱਈਆ ਕਰਵਾਏ ਜਾਣ ਦੇ ਸਰਕਾਰ ਦੇ ਐਲਾਨ ਮਗਰੋਂ ਫਾਸਟੈਗ ਦੀ ਰੋਜ਼ਾਨਾ ਵਿਕਰੀ ਵਧ ਕੇ ਇਕ ਲੱਖ 'ਤੇ ਪੁੱਜ ਗਈ ਹੈ। ਮੰਗਲਵਾਰ ਸ਼ਾਮ ਤਕ ਦੇਸ਼ ਭਰ ਵਿਚ ਤਕਰੀਬਨ 70 ਲੱਖ ਫਾਸਟੈਗ ਦੀ ਵਿਕਰੀ ਹੋਣ ਦਾ ਅਨੁਮਾਨ ਸੀ। ਇਸ ਵਿਚਕਾਰ ਫਾਸਟੈਗ ਨੂੰ ਉਤਸ਼ਾਹਿਤ ਕਰਨ ਲਈ ਐੱਨਐੱਚਏਆਈ ਨੇ ਬੈਂਕਾਂ ਤੋਂ ਵੀ ਮੁਫ਼ਤ ਫਾਸਟੈਗ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਹੈ। ਐੱਨਐੱਚਏਆਈ ਦੇ ਇਕ ਅਧਿਕਾਰੀ ਅਨੁਸਾਰ ਸੜਕ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਦੇ ਮੁਫ਼ਤ ਫਾਸਟੈਗ ਮੁਹੱਈਆ ਕਰਵਾਉਣ ਦੇ ਨਿਰਦੇਸ਼ ਤੋਂ ਬਾਅਦ ਐੱਨਐੱਚਏਆਈ ਨੇ ਆਪਣੇ ਟੋਲ ਪਲਾਜ਼ਾ ਅਤੇ ਹੋਰ ਪੁਆਇੰਟ ਆਫ਼ ਸੇਲ 'ਤੇ ਫਾਸਟੈਗ ਦੀ ਮੁਫ਼ਤ ਵਿਕਰੀ ਦੇ ਪ੍ਰਬੰਧ ਕਰਨੇ ਸ਼ੁਰੂ ਕਰ ਦਿੱਤੇ ਸਨ ਪਰ ਮੰਗ ਅਨੁਸਾਰ ਸ਼ੁਰੂ ਵਿਚ ਕੁਝ ਸਥਾਨਾਂ 'ਤੇ ਲੋੜੀਂਦੇ ਨਹੀਂ ਪਹੁੰਚ ਪਾਏ ਸਨ ਪਰ ਹੁਣ ਜ਼ਿਆਦਾਤਰ ਪੀਓਐੱਸ 'ਤੇ ਲੋੜੀਂਦੇ ਫਾਸਟੈਗ ਮੁਹੱਈਆ ਹਨ।

ਮੁਫ਼ਤ ਫਾਸਟੈਗ : ਮੁਫ਼ਤ ਵਿਚ ਫਾਸਟੈਗ ਪ੍ਰਾਪਤ ਕਰਨ ਲਈ ਵਿਅਕਤੀ ਨੂੰ ਵਾਹਨ ਦੀ ਰਜਿਟ੍ਰੇਸ਼ਨ ਸਰਟੀਫਿਕੇਟ ਤੋਂ ਇਲਾਵਾ ਕਾਰ ਦੇ ਫਰੰਟ ਦਾ ਫੋਟੋਗ੍ਰਾਫ ਪੇਸ਼ ਕਰਨਾ ਹੋਵੇਗਾ। ਮੁਫ਼ਤ ਫਾਸਟੈਗ ਲੈਣ ਤੋਂ ਬਾਅਦ ਇਸ ਨੂੰ ਜਾਂ ਤਾਂ ਖ਼ੁਦ ਰਿਚਾਰਜ ਕਰਵਾਉਣਾ ਹੋਵੇਗਾ ਅਤੇ ਆਪਣੇ ਬੈਂਕ ਖਾਤੇ ਨਾਲ ਜੋੜਨਾ ਹੋਵੇਗਾ। ਇਸ ਮਗਰੋਂ ਜਦ ਵੀ ਤੁਸੀਂ ਟੋਲ ਪਲਾਜ਼ਾ ਵਿਚੋਂ ਲੰਘੋਗੇ ਤੁਹਾਡੇ ਵਾਲੇਟ ਜਾਂ ਬੈਂਕ ਖਾਤੇ ਤੋਂ ਟੋਲ ਦੀ ਰਾਸ਼ੀ ਖ਼ੁਦ ਹੀ ਕੱਟ ਜਾਵੇਗੀ ਅਤੇ ਐੱਸਐੱਮਐੱਸ ਰਾਹੀਂ ਤੁਹਾਨੂੰ ਇਸ ਦੀ ਸੂਚਨਾ ਮਿਲ ਜਾਵੇਗੀ।

ਕੀਮਤ ਦੇ ਕੇ ਫਾਸਟੈਗ : ਜੇ ਤੁਸੀਂ ਭੁਗਤਾਨ ਕਰ ਕੇ ਫਾਸਟੈਗ ਖ਼ਰੀਦਣਾ ਚਾਹੁੰਦੇ ਹੋ ਤਾਂ ਇਸ ਲਈ ਕਈ ਬਦਲ ਮੌਜੂਦ ਹਨ। ਤੁਸੀਂ ਨੇੜੇ ਦੀ ਬੈਂਕ ਬ੍ਰਾਂਚ ਵਿਚ ਜਾ ਕੇ ਅਤੇ ਬੈਂਕਾਂ, ਐੱਨਐੱਚਆਈ ਅਤੇ ਇੰਡੀਅਨ ਹਾਈਵੇ ਮੈਨੇਜਮੈਂਟ ਕੰਪਨੀ ਲਿਮ. (ਆਈਐੱਚਤਐੱਮਸੀਐੱਲ) ਦੀ ਵੈੱਬਸਾਈਟ ਰਾਹੀਂ ਇਸ ਨੂੰ ਆਨਲਾਈਨ ਖ਼ਰੀਦ ਸਕਦੇ ਹੋ। ਇਸ ਲਈ ਤੁਹਾਨੂੰ ਤੁਹਾਡੇ ਵਾਹਨ ਦੀ ਆਰਸੀ ਤੋਂ ਇਲਾਵਾ ਡੀਐੱਲ ਦੀ ਕਾਪੀ ਪੇਸ਼ ਕਰਨੀ ਹੋਵੇਗੀ। ਐੱਨਐੱਚਏਆਈ ਦੀ ਅਪੀਲ ਤੋਂ ਬਾਅਦ ਆਉਣ ਵਾਲੇ ਦਿਨਾਂ ਵਿਚ ਬੈਂਕ ਵੀ ਮੁਫ਼ਤ ਫਾਸਟੈਗ ਮੁਹੱਈਆ ਕਰਵਾ ਸਕਦੇ ਹਨ।

Posted By: Seema Anand