ਨਵੀਂ ਦਿੱਲੀ : ਹਰ ਕੋਈ ਅਮੀਰ ਬਣਨਾ ਚਾਹੁੰਦਾ ਹੈ, ਹਰ ਕਿਸੇ ਦੀ ਇੱਛਾ ਹੁੰਦੀ ਹੈ ਕਿ ਉਹ ਕਰੋੜਪਤੀ ਬਣ ਜਾਵੇ। ਹਾਲਾਂਕਿ, ਪੈਸਾ ਕਮਾਉਣ ਲਈ ਨਿਯਮਤ ਰੂਪ 'ਚ ਨਿਵੇਸ਼ ਕਰਨਾ ਬੇਹੱਦ ਜ਼ਰੂਰੀ ਹੈ। ਤੁਸੀਂ ਕਈ ਵਾਰ ਸੁਣਿਆ ਹੋਵੇਗਾ ਕਿ ਪੈਸੇ ਤੋਂ ਪੈਸਾ ਕਿਵੇਂ ਬਣਾਇਆ ਜਾਂਦਾ ਹੈ। ਇਸ ਦੇ ਕਈ ਤਰੀਕੇ ਹਨ। ਆਮ ਤੌਰ 'ਤੇ ਇਕਵਿਟੀ-ਲਿੰਕਡ ਮਿਊਚਲ ਫੰਡ ਯੋਜਨਾਵਾਂ 'ਚ ਐੱਸਆਈਪੀ (ਸਿਸਟੇਮੈਟਿਕ ਇਨਵੈਸਟਮੈਂਟ ਪਲਾਨਜ਼) ਜ਼ਰੀਏ ਨਿਵੇਸ਼ ਕਰਨ 'ਤੇ 12 ਤੋਂ 13 ਫ਼ੀਸਦੀ ਸਾਲਾਨਾ ਰਿਟਰਨ ਮਿਲ ਜਾਂਦੀ ਹੈ। ਬਾਜ਼ਾਰ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਵਿਅਕਤੀ ਦਸ ਸਾਲ ਜਾਂ ਉਸ ਤੋਂ ਜ਼ਿਆਦਾ ਸਮੇਂ ਲਈ ਨਿਵੇਸ਼ ਕਰਦਾ ਹੈ ਤਾਂ SIP 'ਤੇ ਉਸ ਨੂੰ 12-13 ਫ਼ੀਸਦੀ ਰਿਟਰਨ ਮਿਲ ਜਾਂਦੀ ਹੈ ਅਤੇ ਜੇਕਰ ਇਕਵਿਟੀ-ਲਿੰਕਡ ਮਿਡਕੈਪ 'ਚ ਨਿਵੇਸ਼ ਕੀਤਾ ਜਾਂਦਾ ਹੈ ਤਾਂ ਇਹੀ ਰਿਟਰਨ ਵਧ ਕੇ 14-16 ਫ਼ੀਸਦੀ ਹੋ ਜਾਂਦੀ ਹੈ।

ਨਿਵੇਸ਼ ਮਾਹਿਰ ਮੰਨਦੇ ਹਨ ਕਿ ਜੇਕਰ ਕੋਈ ਨਿਵੇਸ਼ਕ 5 ਲੱਖ ਰੁਪਏ ਨਿਵੇਸ਼ ਕਰਨਾ ਚਾਹੁੰਦਾ ਹੈ ਜਾਂ ਫਿਰ 20 ਹਜ਼ਾਰ ਰੁਪਏ ਹਰ ਮਹੀਨੇ ਨਿਵੇਸ਼ ਕਰਦਾ ਹੈ ਤਾਂ ਉਸ ਲਈ ਮਿਡ ਕੈਪ ਅਤੇ ਸਮਾਲ ਕੈਪ ਮਿਊਚਲ ਫੰਡ ਬਿਹਤਰ ਬਦਲ ਹੈ। ਜੇਕਰ ਨਿਵੇਸ਼ਕ ਹਰ ਮਹੀਨੇ ਆਪਣੇ ਨਿਵੇਸ਼ 'ਚ 12 ਫ਼ੀਸਦੀ ਨਿਵੇਸ਼ ਹੋਰ ਵਧਾਉਂਦਾ ਹੈ ਅਤੇ ਜੇਕਰ ਉਹ 10 ਸਾਲ 'ਚ ਕੁੱਲ ਮਿਲਾ ਕੇ 55 ਲੱਖ ਰੁਪਏ ਨਿਵੇਸ਼ ਕਰਦਾ ਹੈ ਤਾਂ ਦਸ ਸਾਲ ਬਾਅਦ ਉਸ ਦੀ ਰਾਸ਼ੀ ਇਕ ਕਰੋੜ ਤੋਂ ਜ਼ਿਆਦਾ ਹੋ ਸਕਦੀ ਹੈ।

ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਨਿਵੇਸ਼ਕ ਕੋਲ ਇਕਮੁਸ਼ਤ ਰਕਮ ਨਹੀਂ ਹੈ ਅਤੇ ਉਹ ਸਿਰਫ਼ ਐੱਸਆਈਪੀ ਜ਼ਰੀਏ ਨਿਵੇਸ਼ ਕਰਨਾ ਚਾਹੁੰਦਾ ਹੈ ਅਤੇ ਉਸ ਦੀ ਰਕਮ 20,000 ਰੁਪਏ ਪ੍ਰਤੀ ਮਹੀਨਾ ਨਿਵੇਸ਼ ਦੀ ਹੈ, ਨਾਲ ਹੀ ਉਹ ਸਾਲਾਨਾ ਇਸ ਵਿਚ 12 ਫ਼ੀਸਦੀ ਵਾਧਾ ਕਰਦਾ ਹੈ ਅਤੇ ਨਿਵੇਸ਼ 'ਤੇ ਉਸ ਨੂੰ 12 ਫ਼ੀਸਦੀ ਰਿਟਰਨ ਮਿਲਦੀ ਹੈ ਤਾਂ ਉਸ ਦਾ ਪੈਸਾ 10 ਸਾਲ ਦੇ ਅੰਤ 'ਚ 91,83,000 ਹੋ ਜਾਵੇਗਾ।

ਇਸ 'ਤੇ ਨਿਵੇਸ਼ ਮਾਹਿਰਾਂ ਦਾ ਕਹਿਣਾ ਹੈ ਕਿ 5 ਲੱਖ ਰੁਪਏ ਦਾ ਨਿਵੇਸ਼ ਜੋਖ਼ਮ ਘਟਾਉਣ ਅਤੇ ਰਿਟਰਨ ਨੂੰ ਵੱਧ ਤੋਂ ਵੱਧ ਕਰਨ ਲਈ ਵਧੀਆ ਹੈ। ਇਸ ਤੋਂ ਇਲਾਵਾ ਜੇਕਰ ਨਿਵੇਸ਼ਕ ਐੱਸਟੀਪੀ (ਸਿਸਟੇਮੈਟਿਕ ਟ੍ਰਾਂਸਫਰ ਪਲਾਨ) ਜ਼ਰੀਏ ਨਿਵੇਸ਼ ਕਰੇ ਤਾਂ ਬਿਹਤਰ ਹੋਵੇਗਾ।

----

Posted By: Seema Anand