ਨਵੀਂ ਦਿੱਲੀ, ਆਈਏਐੱਨਐੱਸ : 2022 'ਚ Home Loan, Car Loan ਤੇ ਦੂਸਰੇ ਕਰਜ਼ ਮਹਿੰਗੇ ਹੋ ਸਕਦੇ ਹਨ। ਕਿਉਂਕਿ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਰੈਪੋ ਤੇ ਰਿਵਰਸ ਰੈਪੋ ਰੇਟ ਵਰਗੀਆਂ ਨੀਤੀਗਤ ਦਰਾਂ ਨੂੰ 100 ਬੇਸਿਸ ਪੁਆਇੰਟ ਤਕ ਵਧਾ ਸਕਦਾ ਹੈ। ਆਨੰਦ ਰਾਠੀ ਸ਼ੇਅਰਸ ਐਂਡ ਸਟਾਕ ਬ੍ਰੋਕਰਸ ਨੇ ਇਕ ਰਿਪੋਰਟ 'ਚ ਕਿਹਾ ਹੈ ਕਿ ਸਾਡੇ ਗੁਆਂਢੀ ਦੇਸ਼ਾਂ ਪਾਕਿਸਤਾਨ ਅਤੇ ਸ਼੍ਰੀਲੰਕਾ ਨੇ ਨੀਤੀਗਤ ਦਰਾਂ 'ਚ ਵਾਧਾ ਕੀਤਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਭਾਰਤ ਜਲਦੀ ਹੀ ਵਿਆਜ ਦਰਾਂ ਨੂੰ ਵਧਾਉਣਾ ਸ਼ੁਰੂ ਕਰ ਦੇਵੇਗਾ ਤੇ RBI 2022 'ਚ ਨੀਤੀਗਤ ਦਰਾਂ 'ਚ 100 ਬੇਸਿਸ ਪੁਆਇੰਟ ਦਾ ਵਾਧਾ ਕਰ ਸਕਦਾ ਹੈ ਅਤੇ ਇਸਦਾ ਘੱਟੋ-ਘੱਟ ਛੋਟੀ ਮਿਆਦ 'ਚ ਇਕੁਇਟੀ ਤੇ ਬਾਂਡ ਬਾਜ਼ਾਰਾਂ ਦੋਵਾਂ 'ਤੇ ਮਾੜਾ ਪ੍ਰਭਾਵ ਪੈ ਸਕਦਾ ਹੈ।

ਦਸੰਬਰ 2021 ਦੌਰਾਨ ਪ੍ਰਚੂਨ ਮਹਿੰਗਾਈ ਲਗਾਤਾਰ ਤੀਜੇ ਮਹੀਨੇ ਵਧ ਕੇ 5.6 ਫੀਸਦੀ ਹੋ ਗਈ, ਪਰ ਆਮ ਧਾਰਨਾ ਦੇ ਮੁਕਾਬਲੇ ਘੱਟ ਸੀ। ਖੁਰਾਕੀ ਮਹਿੰਗਾਈ ਦਰ ਨਵੰਬਰ 2021 'ਚ 1.9 ਫੀਸਦੀ ਤੋਂ ਵਧ ਕੇ 4 ਫੀਸਦੀ ਹੋ ਗਈ। ਮਹਿੰਗਾਈ, ਹਾਲਾਂਕਿ ਪ੍ਰਮੁੱਖ ਸੈਕਟਰਾਂ 'ਚ ਵਧੀ ਪਰ ਦਸੰਬਰ 2021 'ਚ ਥੋੜ੍ਹੀ ਨਰਮ ਹੋ ਕੇ 6 ਫ਼ੀਸਦ ਹੋ ਗਈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਸਥਿਰ ਜੀਡੀਪੀ ਤੇ ਉਦਯੋਗਿਕ ਵਿਕਾਸ ਦਰ ਦੇ ਬਾਵਜੂਦ ਵਧਦੀ ਮਹਿੰਗਾਈ ਨੂੰ ਦੇਖਦੇ ਹੋਏ ਰਿਜ਼ਰਵ ਬੈਂਕ ਨੇੜਲੇ ਭਵਿੱਖ ਵਿੱਚ 2022 'ਚ ਨੀਤੀਗਤ ਦਰ ਵਿੱਚ 100 ਬੀਪੀਐਸ ਦਾ ਵਾਧਾ ਕਰਨਾ ਸ਼ੁਰੂ ਕਰ ਸਕਦਾ ਹੈ। ਇਸ 'ਚ ਕਿਹਾ ਗਿਆ ਹੈ ਕਿ 100 ਦੇਸ਼ਾਂ 'ਚੋਂ ਲਗਪਗ 40 ਫੀਸਦੀ ਨੇ ਪਹਿਲਾਂ ਹੀ ਨੀਤੀਗਤ ਦਰਾਂ ਔਸਤਨ 150 bps ਵਧਾ ਦਿੱਤੀਆਂ ਹਨ।

ਭਾਰਤ ਵਿਚ ਮਹਿੰਗਾਈ ਬਹੁਤੇ ਦੇਸ਼ਾਂ ਦੇ ਮੁਕਾਬਲੇ ਉੱਚ ਪੱਧਰ 'ਤੇ ਹੈ। ਮਹਿੰਗਾਈ ਇਕ ਵੱਡੀ ਗਲੋਬਲ ਚਿੰਤਾ ਬਣ ਗਈ ਹੈ ਅਤੇ ਮਹਿੰਗਾਈ ਦਰ ਵਿੱਚ ਵਾਧੇ ਦੇ ਮੱਦੇਨਜ਼ਰ ਕੇਂਦਰੀ ਬੈਂਕ ਕੁਝ ਕਦਮ ਚੁੱਕ ਸਕਦਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਸੀਂ ਦੇਖਿਆ ਹੈ ਕਿ 100 ਵਿੱਚੋਂ 40 ਦੇਸ਼ਾਂ ਨੇ ਔਸਤਨ 150 bps ਦੀ ਨੀਤੀਗਤ ਦਰਾਂ 'ਚ ਵਾਧਾ ਕੀਤਾ ਹੈ। ਪੂਰਬੀ ਯੂਰਪ ਅਤੇ ਦੱਖਣੀ ਅਮਰੀਕਾ ਵਿੱਚ ਹੁਣ ਤਕ ਦਰਾਂ ਵਿੱਚ ਵਾਧਾ ਜ਼ਿਆਦਾ ਰਿਹਾ ਹੈ, ਅਤੇ ਇੰਡੋਨੇਸ਼ੀਆ ਅਤੇ ਦੱਖਣੀ ਕੋਰੀਆ ਵਰਗੇ ਏਸ਼ੀਆਈ ਦੇਸ਼ਾਂ ਵਿੱਚ ਦਰਾਂ 'ਚ ਵਾਧਾ ਸ਼ੁਰੂ ਹੋ ਗਿਆ ਹੈ।

ਪਿਛਲੇ 12 ਮਹੀਨਿਆਂ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਅਤੇ ਖੇਤੀ ਉਪਜਾਂ ਲਈ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਵਿੱਚ ਸੰਭਾਵਿਤ ਵਾਧੇ ਦੇ ਨਤੀਜੇ ਵਜੋਂ ਖੁਰਾਕੀ ਮਹਿੰਗਾਈ ਵਧਣ ਦੀ ਸੰਭਾਵਨਾ ਹੈ। ਈਂਧਨ ਖੇਤਰ 'ਚ ਗਿਰਾਵਟ ਆਉਣ ਦੀ ਉਮੀਦ ਹੈ ਅਤੇ ਅਗਲੇ 12 ਮਹੀਨਿਆਂ 'ਚ ਮਹਿੰਗਾਈ ਔਸਤਨ 5 ਫੀਸਦੀ ਰਹਿਣ ਦੀ ਉਮੀਦ ਹੈ।

Posted By: Seema Anand