ਬਿਜਨੈਸ ਡੈਸਕ, ਨਵੀਂ ਦਿੱਲੀ : ਇਸ ਫੇਅਰ ਕਰੀਮ ਨਾਲ ਇਕ ਹਫ਼ਤੇ ਵਿਚ ਤੁਹਾਡਾ ਕਾਲਾ ਰੰਗ ਹੋ ਜਾਵੇਗਾ ਗੋਰਾ, ਜੇ ਤੁਸੀਂ ਵੀ ਆਪਣਾ ਕੱਦ ਵਧਾਉਣਾ ਚਾਹੁੰਦੇ ਹੋ ਅਮਿਤਾਭ ਵਰਗਾ ਲੰਬਾ ਤੋਂ ਪੀਓ ਇਹ ਜੜੀ ਬੂਟੀਆਂ ਵਾਲਾ ਜੂਸ, ਸਵੇਰੇ ਸ਼ਾਮ ਲਓ ਸਿਰਫ ਇਹ ਦੋ ਗੋਲੀਆਂ ਅਤੇ 15 ਦਿਨ ਵਿਚ ਤੁਹਾਡਾ ਮੋਟਾਪਾ ਹੋ ਜਾਵੇਗਾ ਛੂ ਮੰਤਰ। ਸਾਲਾਂ ਤੋਂ ਅਜਿਹੇ ਇਸ਼ਤਿਹਾਰਾਂ ਨੂੰ ਟੀਵੀ, ਅਖ਼ਬਾਰਾਂ ਅਤੇ ਇੰਟਰਨੈਟ 'ਤੇ ਦੇਖਦੇ ਆ ਰਹੇ ਹਾਂ। ਤੁਸੀਂ ਸੈਕਸ ਸ਼ਕਤੀ ਵਧਾਉਣ ਦਾ ਦਾਅਵਾ ਕਰਨ ਵਾਲੇ ਇਸ਼ਤਿਹਾਰਾਂ ਨੂੰ ਕੁਝ ਖਾਸ ਕੰਧਾਂ ਨਾਲ ਲੱਗੇ ਵੀ ਜ਼ਰੂਰ ਦੇਖਿਆ ਹੋਵੇਗਾ। ਪਰ ਹੁਣ ਸਰਕਾਰ ਅਜਿਹੇ ਭਰਮਾਊ ਇਸ਼ਤਿਹਾਰਾਂ 'ਤੇ ਲਗਾਮ ਕੱਸਣ ਦੀ ਤਿਆਰੀ ਵਿਚ ਹੈ।

ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਮੌਜੂਦਾ ਡਰੱਗਸ ਐਂਡ ਮੈਜਿਕ ਰੈਮਿਡੀਜ਼ ਐਕਟ 1954 ਵਿਚ ਸੋਧ ਕਰਨ ਦਾ ਪ੍ਰਸਤਾਵ ਲੈ ਕੇ ਆਇਆ ਹੈ। ਇਸ ਪ੍ਰਸਤਾਵ ਵਿਚ ਚਿਹਰਾ ਗੋਰਾ, ਮਰਦਾਨਾ ਤਾਕਤ ਵਧਾਉਣ, ਬਾਂਝਪਨ, ਜਵਾਨ ਬਣਨ ਅਤੇ ਦਿਮਾਗੀ ਸ਼ਕਤੀ ਨੂੰ ਦੂਜਿਆਂ ਨਾਲ ਜ਼ਿਆਦਾ ਤੇਜ਼ ਕਰਨ ਵਰਗੇ ਭਰਮਾਊ ਇਸ਼ਤਿਹਾਰਾਂ 'ਤੇ 5 ਸਾਲ ਤਕ ਦੀ ਜੇਲ੍ਹ ਅਤੇ 50 ਲੱਖ ਰੁਪਏ ਜੁਰਮਾਨਾ ਦਾ ਪ੍ਰਸਤਾਵ ਹੈ। ਸਰਕਾਰ ਫਰਜ਼ੀ ਇਸ਼ਤਿਹਾਰ ਦਿਖਾ ਕੇ ਲੋਕਾਂ ਨੂੰ ਬੇਵਕੂਫ਼ ਬਣਾਉਣ ਵਾਲੀਆਂ ਕੰਪਨੀਆਂ 'ਤੇ ਸਿਕੰਜ਼ਾ ਕੱਸਣ ਲਈ ਇਹ ਪ੍ਰਸਤਾਵ ਲੈ ਕੇ ਆ ਰਹੀ ਹੈ।

ਇਸ ਸੋਧ ਵਿਚ ਬਿਮਾਰੀਆਂ, ਡਿਸਆਰਡਰਸ ਅਤੇ ਐਕਟ ਵਿਚ ਮੌਜੂਦ ਨਿਯਮਾਂ ਦੀ ਲਿਸਟ ਵਿਚ ਕਈ ਸਾਰੀਆਂ ਚੀਜ਼ਾਂ ਜੋੜੀਆਂ ਜਾ ਰਹੀਆਂ ਹਨ। ਇਸ ਸੋਧ ਨਾਲ ਕੰਪਨੀਆਂ ਵੱਲੋਂ ਆਪਣੇ ਉਤਪਾਦ ਨੂੰ ਵੇਚਣ ਲਈ ਭਰਮਾਊ ਅਤੇ ਫ਼ਰਜ਼ੀ ਇਸ਼ਤਿਹਾਰ ਬਣਾਉਣ 'ਤੇ ਰੋਕ ਲਗਾਉਣ ਦਾ ਪ੍ਰਸਤਾਵ ਲੈ ਕੇ ਆ ਰਿਹਾ ਹੈ। ਅਧਿਕਾਰੀਆਂ ਮੁਤਾਬਕ ਸੁੰਦਰ ਅਤੇ ਆਕਰਸ਼ਕ ਬਣਾਉਣ ਦਾ ਦਾਅਵਾ ਕਰਨ ਵਾਲੇ ਫਰਜ਼ੀ ਇਸ਼ਤਿਹਾਰ ਦਿਖਾਉਣ ਵਾਲੀ ਕੰਪਨੀ 'ਤੇ ਸਜ਼ਾ ਦੇ ਰੂਪ ਵਿਚ ਦੋ ਸਾਲ ਦੀ ਜੇਲ੍ਹ ਅਤੇ 10 ਲੱਖ ਰੁਪਏ ਜੁਰਮਾਨੇ ਦਾ ਪ੍ਰਸਤਾਵ ਲਿਆਂਦਾ ਜਾ ਰਿਹਾ ਹੈ। ਇਸ ਕਾਰਵਾਈ ਤੋਂ ਬਾਅਦ ਵੀ ਜੇ ਕੰਪਨੀਆਂ ਅਜਿਹੇ ਇਸ਼ਤਿਹਾਰ ਦਿਖਾਉਂਦੀਆਂ ਹਨ ਤਾਂ 50 ਲੱਖ ਰੁਪਏ ਦਾ ਜੁਰਮਾਨਾ ਦਾ ਪ੍ਰਸਤਾਵ ਹੈ।

ਅਜਿਹਾ ਦੇਖਿਆ ਗਿਆ ਹੈ ਕਿ ਕਈ ਲੋਕ ਕੰਪਨੀਆਂ ਦੇ ਇਨ੍ਹਾਂ ਭਰਮਾਊ ਇਸ਼ਤਿਹਾਰਾਂ ਦੇ ਝਾਂਸੇ ਵਿਚ ਆ ਜਾਂਦੇ ਹਨ ਅਤੇ ਆਪਣਾ ਰੁਪਇਆ ਅਤੇ ਸਮਾਂ ਖਰਾਬ ਕਰਦੇ ਹਨ, ਨਾਲ ਹੀ ਸਰੀਰ ਵੀ ਖਰਾਬ ਕਰ ਲੈਂਦੇ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਗੋਰੀ ਰੰਗਤ ਪਾਉਣ ਵਾਲੇ ਮਾਮਲੇ ਹੁੰਦੇ ਹਨ। ਸਰਕਾਰ ਵੱਲੋਂ ਲਿਆਂਦੇ ਜਾ ਰਹੇ ਨਵੇਂ ਪ੍ਰਸਤਾਵ ਨਾਲ ਕੰਪਨੀਆਂ ਦੇ ਇਨ੍ਹਾਂ ਭਰਮਾਊ ਇਸ਼ਤਿਹਾਰਾਂ 'ਤੇ ਰੋਕ ਲੱਗ ਸਕੇਗੀ।

Posted By: Tejinder Thind