style="text-align: justify;"> ਨਵੀਂ ਦਿੱਲੀ (ਪੀਟੀਆਈ) : ਸਰਕਾਰ ਨੇ ਵਿੱਤੀ ਵਰ੍ਹੇ 2018-19 ਦੀ ਸਾਲਾਨਾ ਜੀਐੱਸਟੀ ਰਿਟਰਨ ਦਾਖ਼ਲ ਕਰਨ ਦੀ ਸਮਾਂ ਸੀਮਾ ਦੋ ਮਹੀਨੇ ਵਧਾ ਕੇ 31 ਦਸੰਬਰ, 2020 ਕਰ ਦਿੱਤੀ ਹੈ।

ਸਰਕਾਰ ਨੇ ਪਿਛਲੇ ਮਹੀਨੇ ਇਹ ਮਿਆਦ 31 ਅਕਤੂਬਰ, 2020 ਤਕ ਲਈ ਵਧਾਈ ਸੀ। ਕੇਂਦਰੀ ਅਪ੍ਰਤੱਖ ਕਰ ਅਤੇ ਕਸਟਮ ਬੋਰਡ ਨੇ ਇਕ ਬਿਆਨ ਵਿਚ ਕਿਹਾ ਕਿ ਵਿੱਤੀ ਵਰ੍ਹੇ 2018-19 ਦੀ ਸਾਲਾਨਾ ਜੀਐੱਸਟੀ ਰਿਟਰਨ (ਜੀਐੱਸਟੀਆਰ-9) ਅਤੇ ਮਿਲਾਨ ਦਾ ਵੇਰਵਾ (ਜੀਐੱਸਟੀਆਰ-9ਸੀ) ਭਰਨ ਦੀ ਸਮਾਂ ਸੀਮਾ ਵਧਾਉਣ ਦੀ ਲਗਾਤਾਰ ਮੰਗ ਹੋ ਰਹੀ ਸੀ।

ਕੋਰੋਨਾ ਦੀ ਰੋਕਥਾਮ ਲਈ ਲਾਏ ਗਏ ਲਾਕਡਾਊਨ ਤੇ ਵੱਖ-ਵੱਖ ਪਾਬੰਦੀਆਂ ਕਾਰਨ ਦੇਸ਼ ਦੇ ਕਈ ਹਿੱਸਿਆਂ ਵਿਚ ਹਾਲੇ ਵੀ ਕਾਰੋਬਾਰ ਤੇ ਇਸ ਨਾਲ ਜੁੜੀਆਂ ਹੋਰ ਸਰਗਰਮੀਆਂ ਆਮ ਵਾਂਗ ਸ਼ੁਰੂ ਨਹੀਂ ਹੋਈਆਂ ਹਨ। ਦੇਸ਼ ਭਰ ਤੋਂ ਕਾਰੋਬਾਰੀਆਂ ਨੇ ਇਸੇ ਆਧਾਰ 'ਤੇ ਸਮਾਂ ਸੀਮਾ ਵਧਾਉਣ ਦੀ ਮੰਗ ਕੀਤੀ ਸੀ।

ਇਨ੍ਹਾਂ ਮੰਗਾਂ ਦੇ ਮੱਦੇਨਜ਼ਰ ਜੀਐੱਸਟੀ ਕੌਂਸਲ ਦੇ ਸੁਝਾਵਾਂ ਦੇ ਆਧਾਰ 'ਤੇ ਵਿੱਤੀ ਵਰ੍ਹੇ 2018-19 ਲਈ ਸਾਲਾਨਾ ਜੀਐੱਸਟੀ ਰਿਟਰਨ ਅਤੇ ਮਿਲਾਨ ਵੇਰਵਾ ਦਾਖ਼ਲ ਕਰਨ ਦੀ ਸਮਾਂ ਸੀਮਾ 31 ਦਸੰਬਰ ਤਕ ਵਧਾਉਣ ਦਾ ਫ਼ੈਸਲਾ ਲਿਆ ਗਿਆ ਹੈ।