ਨਵੀਂ ਦਿੱਲੀ (ਪੀਟੀਆਈ) : ਹੋਮ ਲੋਨ ਦਾ ਕਾਰੋਬਾਰ ਕਰਨ ਵਾਲੀ ਕੰਪਨੀ ਐੱਚਡੀਐੱਫਸੀ ਲਿਮਟਿਡ ਦੀ ਵੈੱਬਸਾਈਟ ਹੁਣ ਅੰਗਰੇਜ਼ੀ ਤੋਂ ਇਲਾਵਾ ਛੇ ਭਾਰਤੀ ਭਾਸ਼ਾਵਾਂ 'ਚ ਉਪਲੱਬਧ ਹੋਵੇਗੀ। ਕੰਪਨੀ ਨੇ ਐਤਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਕੰਪਨੀ ਦਾ ਕਹਿਣਾ ਹੈ ਕਿ ਘਰ ਖਰੀਦਦਾਰਾਂ ਨੂੰ ਹੋਮ ਲੋਨ ਲੈਣ 'ਚ ਕੋਈ ਦਿੱਕਤ ਨਾ ਹੋਵੇ, ਇਸ ਨੂੰ ਦੇਖਦੇ ਹੋਏ ਵੈੱਬਸਾਈਟ ਨੂੰ ਛੇ ਅਲੱਗ-ਅਲੱਗ ਭਾਸ਼ਾਵਾਂ 'ਚ ਉਪਲੱਬਧ ਕਰਵਾਇਆ ਜਾ ਰਿਹਾ ਹੈ। ਕੰਪਨੀ ਮੁਤਾਬਿਕ ਵੈੱਬਸਾਈਟ ਹੁਣ ਅੰਗਰੇਜ਼ੀ ਦੇ ਨਾਲ ਹਿੰਦੀ, ਮਰਾਠੀ, ਤਾਮਿਲ, ਤੇਲਗੂ, ਮਲਿਆਲਮ ਤੇ ਕੰਨੜ 'ਚ ਵੀ ਉਪਲੱਬਧ ਹੈ।

ਐੱਚਡੀਐੱਫਸੀ ਲਿਮਟਿਡ ਦਾ ਕਹਿਣਾ ਹੈ ਕਿ ਛੇ ਭਾਰਤੀ ਭਾਸ਼ਾਵਾਂ 'ਚ ਵੈੱਬਸਾਈਟ ਉਪਲੱਬਧ ਕਰਵਾਉਣ ਵਾਲੀ ਉਹ ਵਿੱਤੀ ਖੇਤਰ ਦੀ ਇਕੱਲੀ ਕੰਪਨੀ ਹੈ। ਐੱਚਡੀਐੱਫਸੀ ਨੇ ਕਿਹਾ ਹੈ ਕਿ ਇੰਟਰਨੈੱਟ ਤੇ ਸਮਾਰਟਪੋਨ ਦੇ ਵਧਦੇ ਇਸਤੇਮਾਲ ਤੇ ਪਿੰਡ ਤਕ ਇਸ ਦੀ ਪਹੁੰਚ ਤੇ ਖੇਤਰੀ ਭਾਸ਼ਾਵਾਂ 'ਚ ਗਾਹਕਾਂ ਵੱਲੋਂ ਇੰਟਰਨੈੱਟ 'ਤੇ ਸਮੱਗਰੀ ਲੱਭਣ ਨਾਲ ਅਸੀਂ ਇਸ ਨੂੰ ਛੇ ਅਲੱਗ-ਅਲੱਗ ਭਾਸ਼ਾਵਾਂ 'ਚ ਮੁਹੱਈਆ ਕਰਵਾਇਆ ਹੈ। ਕੰਪਨੀ ਦੀ ਪ੍ਰਬੰਧ ਨਿਰਦੇਸ਼ਕ ਰੇਣੂ ਸੂਦ ਕਰਨਾਰਡ ਨੇ ਕਿਹਾ, 'ਸਾਨੂੰ ਖ਼ੁਸ਼ੀ ਹੋ ਰਹੀ ਹੈ ਕਿ ਅਸੀਂ ਬੀਐੱਫਐੱਸਆਈ ਖੇਤਰ ਦੇ ਉਨ੍ਹਾਂ ਚੋਣਵੇਂ ਬ੍ਰਾਂਡਾਂ 'ਚ ਸ਼ਾਮਲ ਹਾਂ ਜਿਸ ਨੇ ਸਥਾਨਕ ਭਾਸ਼ਾ ਟੈਕਨਾਲੋਜੀ 'ਤੇ ਅਮਲ ਕੀਤਾ ਹੈ।'

ਉੱਥੇ ਹੀ ਦੂਸਰੇ ਪਾਸੇ ਚਾਲੂ ਵਿੱਤੀ ਵਰ੍ਹੇ ਦੀ ਦੂਸਰੀ ਤਿਮਾਹੀ 'ਚ ਐੱਚਡੀਐੱਪਸੀ ਬੈਂਕ ਦੇ ਏਕਲ ਸ਼ੁੱਧ ਲਾਭ 'ਚ ਸਾਲਾਨਾ ਆਧਾਰ 'ਤੇ 26.8 ਫ਼ੀਸਦੀ ਵਾਧਾ ਦਰਜ ਕੀਤਾ ਗਿਆ ਹੈ। ਇਸ ਨਾਲ ਕੰਪਨੀ ਦਾ ਏਕਲ ਸ਼ੁੱਧ ਲਾਭ 6,345 ਕਰੋੜ ਰੁਪਏ ਰਿਹਾ ਹੈ। ਇਸ ਤੋਂ ਪਿਛਲੇ ਵਿੱਤੀ ਵਰ੍ਹੇ ਦੀ ਸਮਾਨ ਤਿਮਾਹੀ 'ਚ ਬੈਂਕ ਨੂੰ 5,005.73 ਕਰੋੜ ਦਾ ਫਾਇਦਾ ਹੋਇਆ ਸੀ।

Posted By: Seema Anand