ਨਵੀਂ ਦਿੱਲੀ (ਏਜੰਸੀ) : ਜਾਇਦਾਦ 'ਤੇ ਕਰਜ਼ ਦੇਣ ਵਾਲੀ ਕੰਪਨੀ ਐੱਚਡੀਐੱਫਸੀ ਲਿਮਿਟਡ ਨੇ ਆਰਐੱਚਸੀ ਹੋਲਡਿੰਗ ਤੋਂ ਕਰਜ਼ ਵਸੂਲੀ ਲਈ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐੱਨਸੀਐੱਲਟੀ) ਦੇ ਫ਼ੈਸਲੇ ਨੂੰ ਨੈਸ਼ਨਲ ਕੰਪਨੀ ਲਾਅ ਐਪੀਲੇਟ ਟ੍ਰਿਬਿਊਨਲ (ਐੱਨਕਲੈਟ) 'ਚ ਚੁਣੌਤੀ ਦਿੱਤੀ ਹੈ। ਐੱਨਸੀਐੱਲਟੀ ਨੇ ਆਰਐੱਚਸੀ ਹੋਲਡਿੰਗ ਵਿਰੁੱਧ ਐੱਚਡੀਐੱਫਸੀ ਦੀ ਇਨਸਾਲਵੈਂਸੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ। ਆਰਐੱਚਸੀ ਹੋਲਡਿੰਗ ਅਰਬਪਤੀ ਭਰਾ ਮਲਵਿੰਦਰ ਮੋਹਨ ਸਿੰਘ ਤੇ ਸ਼ਿਵਿੰਦਰ ਮੋਹਨ ਸਿੰਘ ਦੀ ਕੰਪਨੀ ਹੈ।

ਐੱਚਡੀਐੱਫਸੀ ਦੀ ਪਟੀਸ਼ਨ ਸਵੀਕਾਰ ਕਰਨ ਮਗਰੋਂ ਐਨਕਲੈਟ ਨੇ ਸੋਮਵਾਰ ਨੂੰ ਆਰਐੱਚਸੀ ਹੋਲਡਿੰਗ ਤੇ ਹੋਰ ਪੱਖਾਂ ਨੂੰ ਨੋਟਿਸ ਜਾਰੀ ਕਰਕੇ ਉਨ੍ਹਾਂ ਨੂੰ ਆਪਣੇ ਜਵਾਬ ਦਾਖ਼ਲ ਕਰਨ ਦਾ ਨਿਰਦੇਸ਼ ਦਿੱਤਾ। ਜਸਟਿਸ ਐੱਸਜੇ ਮੁਖੋਪਾਧਿਆਏ ਦੀ ਪ੍ਰਧਾਨਗੀ ਵਾਲੇ ਦੋ ਮੈਂਬਰੀ ਬੈਂਚ ਨੇ ਮਾਮਲੇ ਦੀ ਅਗਲੀ ਸੁਣਵਾਈ ਲਈ ਇਕ ਫਰਵਰੀ ਦਾ ਦਿਨ ਨਿਸ਼ਚਿਤ ਕੀਤਾ।

ਐੱਨਸੀਐੱਲਟੀ ਦੇ ਪ੍ਰਧਾਨ ਬੈਂਚ ਨੇ ਛੇ ਦਸੰਬਰ 2019 ਨੂੰ ਆਰਐੱਚਸੀ ਹੋਲਡਿੰਗ ਵਿਰੁੱਧ ਇਨਸਾਲਵੈਂਸੀ ਪਟੀਸ਼ਨ ਖਾਰਜ ਕਰ ਦਿੱਤੀ ਸੀ ਤੇ ਕਿਹਾ ਸੀ ਕਿ ਨਾਨ ਬੈਂਕਿੰਗ ਫਾਈਨਾਂਸ ਕੰਪਨੀ ਆਬੀਸੀ ਕੋਡ ਦੇ ਦਾਇਰੇ 'ਚ ਨਹੀਂ ਆਉਂਦੀ ਹੈ। ਐੱਚਡੀਐੱਫਸੀ ਨੇ 41 ਕਰੋੜ ਰੁਪਏ ਦੀ ਵਸੂਲੀ ਲਈ ਐੱਨਸੀਐੱਲਟੀ 'ਚ ਪਟੀਸ਼ਨ ਦਾਖ਼ਲ ਕੀਤੀ ਸੀ। ਆਰਐੱਚਸੀ ਹੋਲਡਿੰਗ ਨੇ ਅਪ੍ਰੈਲ 2016 'ਚ ਐੱਚਡੀਐੱਫਸੀ ਤੋਂ 200 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ। ਆਰਐੱਚਸੀ ਹੋਲਡਿੰਗ ਨੇ ਪਹਿਲੀ ਤਿਮਾਹੀ ਦੇ ਵਿਆਜ ਦਾ ਸਮੇਂ 'ਤੇ ਭੁਗਤਾਨ ਕੀਤਾ, ਪਰ ਉਸ ਮਗਰੋਂ ਉਸ ਨੇ ਡਿਫਾਲਟ ਕਰਨਾ ਸ਼ੁਰੂ ਕਰ ਦਿੱਤਾ। ਐੱਚਡੀਐੱਫਸੀ ਮੁਤਾਬਕ ਉਸ ਨੇ ਪਲੇਜ ਕੀਤੇ ਹੋਏ ਸ਼ੇਅਰ ਵੇਚ ਦਿੱਤੇ, ਪਰ ਉਸ ਮਗਰੋਂ ਵੀ 41.09 ਕਰੋੜ ਰੁਪਏ ਆਰਐੱਚਸੀ ਹੋਲਡਿੰਗ 'ਤੇ ਬਕਾਇਆ ਰਹਿ ਗਿਆ ਹੈ।