ਨਵੀਂ ਦਿੱਲੀ : ਜੀਐੱਸਟੀ ਨੂੰ ਲਾਗੂ ਕਰਨ 'ਚ ਸ਼ੁਰੂਆਤ ਵਿਚ ਆਈਆਂ ਅੌਕੜਾਂ ਤੋਂ ਸਬਕ ਲੈਂਦੇ ਹੋਏ ਜੀਐੱਸਟੀ ਕੌਂਸਲ ਨਵਾਂ ਜੀਐੱਸਟੀ ਰਿਟਰਨ ਫਾਰਮ ਲਿਆਉਣ ਤੋਂ ਪਹਿਲੇ ਫੂਕ-ਫੂਕ ਕੇ ਕਦਮ ਰੱਖ ਰਹੀ ਹੈ। ਕੌਂਸਲ ਇਸ ਰਿਟਰਨ ਨੂੰ ਪਰਖਣ ਲਈ ਜੁਲਾਈ ਵਿਚ ਇਸ ਦਾ ਆਨਲਾਈਨ ਅਤੇ ਆਫਲਾਈਨ ਵਰਜ਼ਨ ਜਾਰੀ ਕਰੇਗੀ। ਇਸ ਦੇ ਚੰਗੀ ਤਰ੍ਹਾਂ ਪ੍ਰੀਖਣ ਪਿੱਛੋਂ ਹੀ ਪੂਰੇ ਦੇਸ਼ ਵਿਚ ਇਸ ਨੂੰ ਲਾਗੂ ਕੀਤਾ ਜਾਵੇਗਾ।

ਸੂਤਰਾਂ ਨੇ ਕਿਹਾ ਕਿ ਜੀਐੱਸਟੀਐੱਨ ਅਗਲੇ ਹਫ਼ਤੇ ਨਵੇਂ ਸਿੰਗਲ ਰਿਟਰਨ ਦਾ ਪ੍ਰੋਟੋਟਾਈਪ ਜਾਰੀ ਕਰ ਦੇਵੇਗਾ। ਇਸ ਪਿੱਛੋਂ ਜੁਲਾਈ ਵਿਚ ਇਸ ਦੇ ਪ੍ਰੀਖਣ ਲਈ ਆਨਲਾਈਨ ਅਤੇ ਆਫਲਾਈਨ ਉਪਲੱਬਧ ਕਰਾਇਆ ਜਾਏਗਾ ਤਾਕਿ ਅਸੈੱਸੀ, ਜੀਐੱਸਪੀ ਅਤੇ ਹੋਰ ਸਾਰੇ ਪੱਖ ਇਸ ਦਾ ਭਲੀ-ਭਾਂਤ ਪ੍ਰੀਖਣ ਕਰ ਸਕਣ। ਨਵਾਂ ਰਿਟਰਨ ਫਾਰਮ ਬੇਹੱਦ ਸਰਲ ਹੋਵੇਗਾ ਅਤੇ ਇਸ ਵਿਚ ਮੈਚਿੰਗ ਦੀ ਸਹੂਲਤ ਵੀ ਹੋਵੇਗੀ। ਇਸ ਨਾਲ ਵਪਾਰੀਆਂ ਲਈ ਰਿਟਰਨ ਭਰਦੇ ਸਮੇਂ ਸੇਲ-ਪਰਚੇਜ਼ ਦਾ ਮਿਲਾਨ ਕਰਨਾ ਬੇਹੱਦ ਆਸਾਨ ਹੋਵੇਗਾ।

ਸੂਤਰਾਂ ਨੇ ਕਿਹਾ ਕਿ ਨਵਾਂ ਰਿਟਰਨ ਫਾਰਮ ਕਦੋਂ ਤੋਂ ਲਾਗੂ ਕੀਤਾ ਜਾਵੇਗਾ, ਇਸ ਦਾ ਫ਼ੈਸਲਾ ਕੇਂਦਰ ਵਿਚ ਨਵੀਂ ਸਰਕਾਰ ਦੇ ਗਠਨ ਪਿੱਛੋਂ ਹੋਣ ਵਾਲੀ ਜੀਐੱਸਟੀ ਕੌਂਸਲ ਦੀ ਮੀਟਿੰਗ ਵਿਚ ਕੀਤਾ ਜਾਵੇਗਾ। ਇਸ ਨੂੰ ਅਮਲ ਵਿਚ ਲਿਆਉਣ ਲਈ ਨਿਯਮਾਂ 'ਚ ਵੀ ਬਦਲਾਅ ਦੀ ਲੋੜ ਪਏਗੀ।

ਫਿਲਹਾਲ ਜੀਐੱਸਟੀ ਤਹਿਤ ਕਾਰੋਬਾਰੀਆਂ ਨੂੰ ਹਰੇਕ ਮਹੀਨੇ ਤਿੰਨ ਫਾਰਮ-ਜੀਐੱਸਟੀਆਰ-1, ਜੀਐੱਸਟੀਆਰ-2 ਅਤੇ ਜੀਐੱਸਟੀਆਰ-3 ਭਰਨ ਦੀ ਵਿਵਸਥਾ ਹੈ ਪ੍ਰੰਤੂ ਤਕਨੀਕੀ ਅੌਕੜਾਂ ਕਾਰਨ ਫਿਲਹਾਲ ਮਾਸਿਕ ਰਿਟਰਨ ਦੇ ਰੂਪ ਵਿਚ ਜੀਐੱਸਟੀਆਰ-3ਬੀ ਨਿਯਮਿਤ ਰੂਪ ਵਿਚ ਭਰਿਆ ਜਾ ਰਿਹਾ ਹੈ। ਨਵਾਂ ਰਿਟਰਨ ਫਾਰਮ ਆਉਣ 'ਤੇ ਵਪਾਰੀਆਂ ਨੂੰ ਮਹੀਨੇ ਵਿਚ ਸਿਰਫ਼ ਇਕ ਹੀ ਰਿਟਰਨ ਦਾਖਲ ਕਰਨਾ ਹੋਵੇਗਾ। ਨਵਾਂ ਰਿਟਰਨ ਸਹਿਜ, ਸੁਗਮ ਅਤੇ ਨਾਰਮਲ ਤਿੰਨ ਸ਼੍ਰੇਣੀਆਂ ਵਿਚ ਮੌਜੂਦ ਹੋਵੇਗਾ। ਅਲੱਗ-ਅਲੱਗ ਸ਼੍ਰੇਣੀ ਦੇ ਅਸੈੱਸੀ ਇਨ੍ਹਾਂ ਨੂੰ ਭਰ ਕੇ ਰਿਟਰਨ ਦਾਖਲ ਕਰ ਸਕਣਗੇ।

ਜੀਐੱਸਟੀ ਸਹੂਲਤ ਪ੍ਰਦਾਨ ਕਰਨ ਵਾਲੀ ਵੈੱਬਟੇਲ ਇਲੈਕਟ੍ਰੋ ਸਾਫਟ ਪ੍ਰਰਾਈਵੇਟ ਦੇ ਨਿਰਦੇਸ਼ਕ ਰਾਜੇਂਦਰ ਕਪੂਰ ਦਾ ਕਹਿਣਾ ਹੈ ਕਿ ਜੀਐੱਸਟੀ ਦਾ ਨਵਾਂ ਰਿਟਰਨ ਫਾਰਮ ਇਸ ਟੈਕਸ ਵਿਵਸਥਾ ਨੂੰ ਸਰਲ ਬਣਾਉਣ ਦੀ ਦਿਸ਼ਾ 'ਚ ਇਕ ਹੋਰ ਮਹੱਤਵਪੂਰਣ ਕਦਮ ਹੈ। ਖ਼ਾਸ ਕਰ ਕੇ ਛੋਟੇ ਵਪਾਰੀਆਂ ਲਈ ਇਹ ਰਿਟਰਨ ਬੇਹੱਦ ਸੁਵਿਧਾਜਨਕ ਹੋਵੇਗਾ। ਬਿਜ਼ਨਸ ਨੂੰ ਸਰਲ ਬਣਾਉਣ ਦੇ ਨਾਲ ਹੀ ਇਸ ਨਾਲ ਸਰਕਾਰ ਲਈ ਮਾਲੀਆ ਇਕੱਤਰ ਕਰਨਾ ਵੀ ਆਸਾਨ ਹੋਵੇਗਾ।

ਜ਼ਿਕਰਯੋਗ ਹੈ ਕਿ ਜੀਐੱਸਟੀ 'ਚ ਲਗਪਗ 1.21 ਕਰੋੜ ਅਸੈੱਸੀ ਰਜਿਸਟਰਡ ਹਨ ਜਿਨ੍ਹਾਂ ਵਿਚੋਂ 17 ਲੱਖ ਅਸੈੱਸੀ ਕੰਪੋਜੀਸ਼ਨ ਸਕੀਮ ਦੇ ਦਾਇਰੇ ਵਿਚ ਹਨ। ਜਿਨ੍ਹਾਂ ਵਪਾਰੀਆਂ ਨੇ ਕੰਪੋਜੀਸ਼ਨ ਸਕੀਮ ਦੀ ਚੋਣ ਕੀਤੀ ਹੈ ਉਨ੍ਹਾਂ ਨੂੰ ਤਿੰਨ ਮਹੀਨੇ ਵਿਚ ਸਿਰਫ਼ ਇਕ ਵਾਰ ਰਿਟਰਨ ਦਾਖਲ ਕਰਨਾ ਹੁੰਦਾ ਹੈ।