ਨਵੀਂ ਦਿੱਲੀ : ਦੇਸ਼ ਵਿਚ ਇਲੈਕਟ੍ਰਿਕ ਵਾਹਨਾਂ ਦੇ ਚਲਨ ਨੂੰ ਹੱਲਾਸ਼ੇਰੀ ਦੇਣ ਦੀ ਦਿਸ਼ਾ ਵਿਚ ਅਹਿਮ ਕਦਮ ਉਠਾਉਂਦੇ ਹੋਏ ਜੀਐੱਸਟੀ ਕੌਂਸਲ ਨੇ ਇਨ੍ਹਾਂ ਵਾਹਨਾਂ 'ਤੇ ਜੀਐੱਸਟੀ ਘਟਾਉਣ ਦਾ ਫ਼ੈਸਲਾ ਲਿਆ ਹੈ। ਇਲੈਕਟ੍ਰਿਕ ਵਾਹਨਾਂ 'ਤੇ ਹੁਣ ਮਹਿਜ਼ ਪੰਜ ਫ਼ੀਸਦੀ ਜੀਐੱਸਟੀ ਲੱਗੇਗਾ ਜਦਕਿ ਫ਼ਿਲਹਾਲ ਇਹ 12 ਫ਼ੀਸਦੀ ਹੈ। ਇਸੇ ਤਰ੍ਹਾਂ ਇਲੈਕਟ੍ਰਿਕ ਵਾਹਨਾਂ ਦੇ ਚਾਰਜਰ 'ਤੇ ਵੀ ਮਹਿਜ਼ ਪੰਜ ਫ਼ੀਸਦੀ ਜੀਐੱਸਟੀ ਲੱਗੇਗਾ। ਇਲੈਕਟ੍ਰਿਕ ਵਾਹਨਾਂ 'ਤੇ ਜੀਐੱਸਟੀ ਦੀਆਂ ਨਵੀਆਂ ਦਰਾਂ ਆਗਾਮੀ ਇਕ ਅਗਸਤ ਤੋਂ ਲਾਗੂ ਹੋਣਗੀਆਂ।

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਦੀ ਪ੍ਰਧਾਨਗੀ ਹੇਠ ਸ਼ਨਿਚਰਵਾਰ ਨੂੰ ਹੋਈ ਜੀਐੱਸਟੀ ਕੌਂਸਲ ਦੀ 36ਵੀਂ ਬੈਠਕ 'ਚ ਇਲੈਕਟ੍ਰਿਕ ਵਾਹਨਾਂ 'ਤੇ ਜੀਐੱਸਟੀ ਦੀ ਦਰ 12 ਫ਼ੀਸਦੀ ਤੋਂ ਘਟਾ ਕੇ 5 ਫ਼ੀਸਦੀ ਕਰਨ ਦਾ ਫ਼ੈਸਲਾ ਕੀਤਾ ਗਿਆ।

ਇਸੇ ਤਰ੍ਹਾਂ ਕੌਂਸਲ ਨੇ ਇਲੈਕਟ੍ਰਿਕ ਵਾਹਨਾਂ ਦੇ ਚਾਰਜਰ ਸਟੇਸ਼ਨ 'ਤੇ ਜੀਐੱਸਟੀ ਦੀ ਦਰ 8 ਫ਼ੀਸਦੀ ਤੋਂ ਘਟਾ ਕੇ 5 ਫ਼ੀਸਦੀ ਕਰਨ ਦਾ ਫ਼ੈਸਲਾ ਵੀ ਕੀਤਾ। ਨਾਲ ਹੀ ਸਥਾਨਕ ਸਰਕਾਰਾਂ ਜਾਂ ਪ੍ਰਸ਼ਾਸਨ ਵਲੋਂ 12 ਯਾਤਰੀਆਂ ਤੋਂ ਵੱਧ ਸਮਰੱਥਾ ਵਾਲੀਆਂ ਇਲੈਕਟ੍ਰਿਕ ਬੱਸਾਂ ਨੂੰ ਕਿਰਾਏ 'ਤੇ ਲੈਣ 'ਤੇ ਲੱਗਣ ਵਾਲੇ ਜੀਐੱਸਟੀ ਤੋਂ ਛੋਟ ਦੇਣ ਦਾ ਫ਼ੈਸਲਾ ਵੀ ਕੀਤਾ। ਇਲੈਕਟ੍ਰਿਕ ਵਾਹਨਾਂ ਸਬੰਧੀ ਜੀਐੱਸਟੀ ਦੀਆਂ ਦਰਾਂ ਇਕ ਅਗਸਤ 2019 ਤੋਂ ਲਾਗੂ ਹੋਣਗੀਆਂ।

Posted By: Seema Anand