ਨਵੀਂ ਦਿੱਲੀ : ਦੋ ਕਰੋੜ ਰੁਪਏ ਤੋਂ ਜ਼ਿਆਦਾ ਮਾਲੀਆ ਵਾਲੇ ਕਾਰੋਬਾਰੀ ਵਿੱਤੀ ਵਰ੍ਹੇ 2017-18 ਲਈ ਜੀਐੱਸਟੀ ਆਡਿਟ ਰਿਪੋਰਟ ਦੀ ਫਾਈਲਿੰਗ ਹੁਣ ਸ਼ੁਰੂ ਕਰ ਸਕਦੇ ਹਨ। ਜੀਐੱਸਟੀ ਲਈ ਸਾਰੀਆਂ ਤਕਨੀਕੀ ਸਹੂਲਤਾਂ ਮੁਹੱਈਆ ਕਰਵਾਉਣ ਵਾਲੀ ਇਕਾਈ ਜੀਐੱਸਟੀ ਨੈਟਵਰਕ ਨੇ ਆਪਣੀ ਵੈਬਸਾਈਟ 'ਤੇ ਇਸ ਦਾ ਫਾਰਮ ਉਪਲਬਧ ਕਰਵਾ ਦਿੱਤਾ ਹੈ। ਜੀਐੱਸਟੀ ਦੇ ਲਿਹਾਜ ਨਾਲ ਪਹਿਲੇ ਵਿੱਤੀ ਵਰ੍ਹੇ 2017-18 ਲਈ ਆਡਿਟ ਰਿਪੋਰਟ ਫਾਈਲ ਕਰਨ ਦੀ ਆਖ਼ਰੀ ਮਿਤੀ 30 ਜੂਨ ਰੱਖੀ ਗਈ ਹੈ।

ਮੰਤਰਾਲੇ ਨੇ ਪਿਛਲੇ ਵਰ੍ਹੇ 31 ਦਸੰਬਰ ਨੂੰ ਸਾਲਾਨਾ ਰਿਟਰਨ ਫਾਰਮ ਜੀਐੱਸਟੀਆਰ-9, ਜੀਐੱਸਟੀਆਰ-9ਏ ਅਤੇ ਜੀਐੱਸਟੀਆਰ-9ਸੀ ਨੋਟੀਫਾਈ ਕਰ ਦਿੱਤਾ ਸੀ। ਦਸੰਬਰ 'ਚ ਹੀ ਜੀਐੱਸਟੀ ਕੌਂਸਲ ਨੇ ਇਹ ਸਾਰੇ ਫਾਰਮ ਦਾਖ਼ਲ ਕਰਨ ਦੀ ਸਮੇਂ-ਸੀਮਾ ਮਹੀਨੇ ਵਦਾ ਕੇ 30 ਜੂਨ ਕਰ ਦਿੱਤੀ ਸੀ। ਜੀਐੱਸਟੀਐੱਨ ਨੇ ਜੀਐੱਸਟੀਆਰ-9ਸੀ ਲਈ ਆਨਲਾਈਨ ਫਾਰਮ ਪੇਸ਼ ਕਰ ਦਿੱਤਾ ਹੈ। ਇਸ ਨੂੰ ਭਰ ਕੇ ਜੀਐੱਸਟੀਐੱਨ ਦੀ ਵੈਬਸਾਈਟ 'ਤੇ ਅਪਲੋਡ ਕੀਤਾ ਜਾ ਸਕਦਾ ਹੈ।

ਜੀਐੱਸਟੀਆਰ-9 ਉਨ੍ਹਾਂ ਸਾਰੇ ਕਾਰੋਬਾਰੀਆਂ ਲਈ ਸਾਲਾਨਾ ਰਿਟਰਨ ਫਾਰਮ ਹੈ, ਜੋ ਜੀਐੱਸਟੀ 'ਚ ਰਜਿਸਟਰਡ ਹਨ। ਜੀਐੱਸਟੀਆਰ-9ਏ ਸਿਰਫ ਕੰਪੋਜੀਸ਼ਨ ਸਕੀਮ 'ਚ ਰਜਿਸਟਰਡ ਕਰਦਾਤਾਵਾਂ ਲਈ ਹਨ। ਜੀਐੱਸਟੀਆਰ-9ਸੀ ਉਨ੍ਹਾਂ ਕਾਰੋਬਾਰੀਆਂ ਲਈ ਹੈ, ਜਿਨ੍ਹਾਂ ਦਾ ਸਾਲਾਨਾ ਮਾਲੀਆ ਦੋ ਕਰੋੜ ਰੁਪਏ ਤੋਂ ਵੱਧ ਹੈ। ਇਸ ਤਹਿਤ ਕਾਰੋਬਾਰੀਆਂ ਨੂੰ ਮਾਲੀਆ ਦਾ ਪੂਰਾ ਬਿਊਰਾ ਦੇਣਾ ਹੁੰਦਾ ਹੈ ਤੇ ਉਸ ਮਾਲੀਆ ਗਣਨਾ ਦਾ ਕਿਸੇ ਚਾਰਟਡ ਅਕਾਊਂਟੈਂਟ (ਸੀਏ) ਤੋਂ ਤਸਦੀਕ ਕਰਵਾ ਕੇ ਤੇ ਦਸਤਖ਼ਤ ਕੀਤਾ ਸਰਟੀਫਿਕੇਟ ਵੀ ਲੈਣਾ ਹੁੰਦਾ ਹੈ।