ਨਿਊਯਾਰਕ, ਰਾਇਟਰ : ਦੁਨੀਆ ਦੇ ਕਾਮਯਾਬ ਨਿਵੇਸ਼ਕਾਂ 'ਚੋਂ ਇਕ ਤੇ ਬਰਕਸ਼ਾਇਦ ਹੈਥਵੇ ਦੇ ਮੁੱਖੀ ਵਾਰੇਨ ਬਫੇ ਨੇ ਆਪਣੇ ਉੱਤਰਾਧਿਕਾਰੀ ਸਬੰਧੀ ਸਾਲਾਂ ਤੋਂ ਲਗਾਈਆਂ ਜਾ ਰਹੀਆਂ ਕਿਆਸਅਰਾਈਆਂ ਨੂੰ ਵਿਰਾਮ ਦੇ ਦਿੱਤਾ ਹੈ। ਬਫੇ ਨੇ ਕਿਹਾ ਹੈ ਕਿ ਜੇਕਰ ਉਨ੍ਹਾਂ ਕੰਪਨੀ ਦਾ ਕਾਰਜਭਾਰ ਛੱਡ ਦਿੱਤਾ ਤਾਂ ਗ੍ਰੇਗ ਏਬੇਲ ਉਨ੍ਹਾਂ ਦੀ ਜਗ੍ਹਾ ਲੈਣਗੇ। ਇਸ ਨਾਲ ਭਾਰਤਵੰਸ਼ੀ ਤੇ ਬਰਕਸ਼ਾਇਰ ਹੈਥਵੇ ਦੇ ਇੰਸ਼ੋਰੈਂਸ ਕਾਰੋਬਾਰ ਦੇ ਵਾਈਸ ਚੇਅਰਮੈਨ ਅਜੀਤ ਜੈਨ ਦੀਆਂ ਉਮੀਦਾਂ ਨੂੰ ਝਟਕਾ ਲੱਗਿਆ ਹੈ। ਬਫੇ ਖ਼ੁਦ ਕਈ ਵਾਰ ਜੈਨ ਦੀ ਕਾਰਜਸ਼ੈਲੀ ਤੇ ਕਾਰੋਬਾਰੀ ਸਮਝ ਦੀ ਤਰੀਫ ਕਰ ਚੁੱਕੇ ਹਨ। ਉਂਝ, ਬਫੇ ਨੇ ਇਹ ਵੀ ਕਿਹਾ ਕਿ ਜੇਕਰ ਏਬੇਲ ਨੂੰ ਕੁਝ ਹੋ ਜਾਂਦਾ ਹੈ ਤਾਂ ਕੰਪਨੀ ਦੇ ਸੀਈਓ ਦੀ ਜ਼ਿੰਮੇਵਾਰੀ ਜੈਨ ਸੰਭਾਲਣਗੇ।

CNBC ਨੂੰ ਬਫੇ ਨੇ ਦੱਸਿਆ ਕਿ ਕੰਪਨੀ ਦੇ ਡਾਇਰੈਕਟਰ ਬੋਰਡ ਇਸ 'ਤੇ ਇਕਮਤ ਹਨ ਕਿ ਜੇਕਰ ਮੈਨੂੰ ਅੱਜ ਰਾਤ ਕੁਝ ਹੋ ਜਾਂਦੈ ਤਾਂ ਅਗਲੀ ਸਵੇਰੇ ਗ੍ਰੇਗ ਏਬੇਲ ਮੇਰੀ ਜਗ੍ਹਾ ਲੈ ਸਕਦੇ ਹਨ। ਹਾਲਾਂਕਿ ਬਰਕਸ਼ਾਇਰ ਹੈਥਵੇ ਨੇ ਇਸ ਬਾਰੇ ਪੁੱਛਣ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਜ਼ਿਕਰਯੋਗ ਹੈ ਕਿ 90 ਸਾਲਾ ਬਫੇ ਨੇ ਹੁਣ ਤਕ ਅਹੁਦਾ ਛੱਡਣ ਦੀ ਕੋਈ ਯੋਜਨਾ ਜਨਤਕ ਨਹੀਂ ਕੀਤੀ ਹੈ। ਅਲਬਰਟ ਦੇ ਰਹਿਣ ਵਾਲੇ ਏਬੇਲ ਸਾਲ 2018 ਤੋਂ ਬਰਕਸ਼ਾਇਰ ਹੈਥਵੇ ਦੇ ਵਾਈਸ ਚੇਅਰਮੈਨ ਤੇ ਗ਼ੈਰ-ਇੰਸ਼ੋਰੈਂਸ ਕਾਰੋਬਾਰ ਦੇ ਪ੍ਰਮੁੱਖ ਹਨ। ਕੰਪਨੀ ਦਾ ਵਾਈਸ ਚੇਅਰਮੈਨ ਬਣਨ ਤੋਂ ਪਹਿਲਾਂ ਉਨ੍ਹਾਂ ਬਰਕਸ਼ਾਇਰ ਹੈਥਵੇ ਐਨਰਜੀ ਨੂੰ ਅਮਰੀਕਾ ਦੀ ਮੋਹਰੀ ਊਰਜਾ ਕੰਪਨੀ ਬਣਾਇਆ।

ਕੰਪਨੀ ਦੇ 97 ਸਾਲਾ ਵਾਈਸ ਚੇਅਰਮੈਨ ਚਾਰਲੀ ਮੰਗਰ ਨੇ ਸ਼ਨਿਚਰਵਾਰ ਨੂੰ ਸਾਲਾਨਾ ਬੈਠਕ ਵਿਚ ਕਿਹਾ ਸੀ ਕਿ ਕੰਪਨੀ ਦੀ ਸੰਸਕ੍ਰਿਤੀ ਉਸ ਦੇ ਲਈ ਬੇਹੱਦ ਮਹੱਤਵਪੂਰਨ ਹੈ ਤੇ ਗ੍ਰੇਗ ਉਹ ਸੰਸਕ੍ਰਿਤੀ ਸੁਰੱਖਿਅਤ ਰੱਖਣਗੇ।

Posted By: Seema Anand