ਨਵੀਂ ਦਿੱਲੀ (ਏਜੰਸੀ) : ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਜਲਦ ਹੀ ਮਾਈਕ੍ਰੋ, ਸਮਾਲ ਐਂਡ ਮੀਡੀਅਮ ਇੰਟਰਪ੍ਰਾਇਜੇਜ਼ (ਐੱਮਐੱਸਐੱਮਈ) ਦੀ ਪਰਿਭਾਸ਼ਾ ਵਿਚ ਬਦਲਾਅ ਕੀਤਾ ਜਾਵੇਗਾ। ਇਸ ਨਾਲ ਹੀ ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਇਹ ਸੈਕਟਰ ਅਗਲੇ ਪੰਜ ਸਾਲਾਂ ਵਿਚ ਪੰਜ ਕਰੋੜ ਰੁਜ਼ਗਾਰ ਪੈਦਾ ਕਰੇਗਾ। ਇਸ ਤੋਂ ਪਹਿਲਾ ਅਗਸਤ ਵਿਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਸੀ ਕਿ ਸਰਕਾਰ ਐੱਮਐੱਸਐੱਮਈ ਵਿਚ ਸੁਧਾਰ ਕਰ ਕੇ ਇਸ਼ ਨੂੰ ਇਕ ਹੀ ਨਾਂ ਨਾਲ ਪਰਿਭਾਸ਼ਤ ਕਰਨ 'ਤੇ ਵਿਚਾਰ ਕਰੇਗੀ। ਐੱਮਐੱਸਐੱਮਈ ਦੀ ਪਰਿਭਾਸ਼ਾ ਵਿਚ ਸੁਧਾਰ ਰਾਹੀਂ ਇਸ ਸੈਕਟਰ ਵਿਚ ਟੈਕਸ ਅਤੇ ਨਿਵੇਸ਼ ਵਰਗੇ ਮੁੱਦਿਆਂ 'ਤੇ ਕੇਂਦਰਿਤ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਲਈ ਐੱਮਐੱਸਐੱਮਈ ਐਕਟ ਵਿਚ ਸੁਧਾਰ ਦੀ ਜ਼ਰੂਰਤ ਪਵੇਗੀ। ਇਸ ਕਵਾਇਦ ਨਾਲ ਇਜ ਆਫ ਡੁਇੰਗ ਬਿਜਨਸ 'ਚ ਹੋਰ ਸੁਧਾਰ ਹੋਵੇਗਾ। ਪਿਛਲੇ ਸਾਲ ਫਰਵਰੀ ਵਿਚ ਇਸ ਐਕਟ ਵਿਚ ਸੁਧਾਰ ਕੀਤਾ ਗਿਆ ਸੀ। ਗਡਕਰੀ ਨੇ ਕਿਹਾ ਕਿ ਐੱਮਐੱਸਐੱਮਈ ਭਾਰਤੀ ਅਰਥਚਾਰੇ ਦਾ ਦਿਲ ਹੈ। ਇਹ ਦੇਸ਼ ਦੇ ਜੀਡੀਪੀ ਵਿਚ 29 ਫ਼ੀਸਦੀ ਦਾ ਯੋਗਦਾਨ ਕਰਦਾ ਹੈ। ਇਸ਼ ਦੇ ਨਾਲ ਹੀ ਇਸ ਸੈਕਟਰ ਨੇ ਹੁਣ ਤਕ 11 ਕਰੋੜ ਰੁਜ਼ਗਾਰ ਪੈਦਾ ਕੀਤੇ ਹਨ।

ਕੇਂਦਰੀ ਮੰਤਰੀ ਨੇ ਕਿਹਾ ਕਿ ਸਰਕਾਰ ਪਹਿਲਾ ਹੀ 'ਸੋਲਰ ਵਸਤਰ ਸਕੀਮ' ਤਹਿਤ 13 ਕਲਸਟਰ ਨੂੰ ਮਨਜ਼ੂਰੀ ਦੇਣ ਦੀ ਪ੍ਰਕਿਰਿਆ ਵਿਚ ਹੈ। ਇਸ ਵਿਚ ਹਰੇਕ ਕਲਸਟਰ ਤਿੰਨ ਹਜ਼ਾਰ ਤੋਂ ਜ਼ਿਅਆਦਾ ਨੌਕਰੀਆਂ ਪੈਦਾ ਕਰਨ ਦੀ ਸਮਰੱਥਾ ਰੱਖਦਾ ਹੈ। ਸਰਕਾਰ ਇਸ ਸੈਕਟਰ ਨੂੰ ਉਤਸ਼ਾਹਤ ਕਰਨ ਲਈ ਲਗਾਤਾਰ ਕੋਸ਼ਿਸ਼ ਕਰ ਰਹੇ ਹਨ, ਕਿਉਂਕਿ ਇਹ ਰੁਜ਼ਗਾਰ ਪੈਦਾ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਟਰਾਂਸਪੋਰਟ ਤੇ ਰਾਜਮਾਰਗ ਮੰਤਰਾਲਾ ਸੰਭਾਲ ਰਹੇ ਗਡਕਰੀ ਨੇ ਦੱਸਿਆ ਕਿ ਨਵੀਂ ਦਿੱਲੀ ਤੋਂ ਮੁੰਬਈ ਵਿਚਕਾਰ 12 ਲੇਨ ਦੇ ਕੰਕਰੀਟ ਐਕਸਪ੍ਰੈਸ ਹਾਈਵੇ 'ਤੇ ਵੀ ਕੰਮ ਸ਼ੁਰੂ ਹੋ ਚੁੱਕਾ ਹੈ। ਉਨ੍ਹਾਂ ਨੇ ਹਾਈਵੇ 'ਤੇ ਇਕ ਅੰਤਰਰਾਸ਼ਟਰੀ ਪੱਧਰ ਦੀ ਮਿਊਜ਼ੀਅਮ ਬਣਾਉਣ ਦੀ ਗੱਲ ਵੀ ਕਹੀ। ਇਹ ਮਿਊਜ਼ੀਅਣ ਭਾਰਤੀ ਹੈਂਡਲੂਮ ਅਤੇ ਹੈਂਡੀਕਰਾਫਟ ਦੀ ਮਾਰਕੀਟਿੰਗ ਵਿਚ ਅਤੇ ਸੈਲਾਨੀਆਂ ਨੂੰ ਉਤਸ਼ਾਹ ਕਰਨ ਵਿਚ ਮਦਦਗਾਰ ਹੋਵੇਗਾ।