ਪੀਟੀਆਈ, ਨਵੀਂ ਦਿੱਲੀ : ਸਰਕਾਰ ਨੇ ਐਤਵਾਰ ਨੂੰ ਵਿੱਤੀ ਸਾਲ 2019-20 ਲਈ ਮਾਲ ਤੇ ਸੇਵਾ ਟੈਕਸ (GST) ਦਾ ਸਾਲਾਨਾ ਰਿਟਰਨ ਭਰਨ ਦੀ ਸਮਾਂ-ਸੀਮਾ 31 ਮਾਰਚ ਤਕ ਵਧਾ ਦਿੱਤੀ ਹੈ। ਪਹਿਲਾਂ ਇਹ ਸਮਾਂ-ਸੀਮਾਂ 31 ਦਸੰਬਰ 2020 ਤੋਂ ਵਧਾ ਕੇ 28 ਫਰਵਰੀ 2021 ਕਰ ਦਿੱਤੀ ਗਈ ਸੀ। ਸਰਕਾਰ ਨੇ ਦੂਸਰੀ ਵਾਰ ਸਮਾਂ ਸੀਮਾ ਵਧਾਈ ਹੈ।

ਦੱਸਣਯੋਗ ਹੈ ਕਿ ਜੀਐੱਸਟੀਆਰ-9 ਇਕ ਸਾਲਾਨਾ ਰਿਟਰਨ ਹੈ, ਇਹ ਜੀਐੱਸਟੀ ਤਹਿਤ ਰਜਿਸਟਰਡ ਕਰਦਾਤਾਵਾਂ ਨੂੰ ਭਰਨਾ ਹੁੰਦਾ ਹੈ। ਜੀਐੱਸਟੀਆਰ-9 ਆਡਿਟ ਕੀਤੇ ਗਏ ਸਾਲਾਨਾ ਵਿੱਤੀ ਲੇਖਾ-ਜੋਖਾ ਅਤੇ ਜੀਐੱਸਟੀਆਰ-9 ਦਾ ਮਿਲਾਨ ਹੈ।

ਵਿੱਤ ਮੰਤਰਾਲੇ ਵੱਲੋਂ ਇਕ ਬਿਆਨ ’ਚ ਕਿਹਾ ਗਿਆ ਹੈ ਕਿ ਸਮਾਂ-ਸੀਮਾ ਅੰਦਰ ਰਿਟਰਨ ਭਰਨ ’ਚ ਕਰਦਾਤਾਵਾਂ ਆ ਰਹੀਆਂ ਦਿੱਕਤਾਂ ਨੂੰ ਦੇਖਦੇ ਹੋਏ ਇਹ ਫ਼ੈਸਲਾ ਲਿਆ ਗਿਆ ਹੈ। ਸਰਕਾਰ ਨੇ 2019-20 ਲਈ ਜੀਐੱਸਟੀ ਰਿਟਰਨ-9 ਅਤੇ ਜੀਐੱਸਟੀ ਰਿਟਰਨ-9 ਸੀ ਭਰਨ ਦੀ ਸਮਾਂ-ਸੀਮਾ ਹੋਰ ਵਧਾ ਦਿੱਤੀ ਹੈ। ਸਮਾਂ-ਸੀਮਾਂ ’ਚ ਵਾਧਾ ਚੋਣ ਕਮਿਸ਼ਨ ਦੀ ਮਨਜ਼ੂਰੀ ਦੇ ਨਾਲ ਕੀਤਾ ਗਿਆ ਹੈ।

ਏਐੱਮਐਰਜੀ ਐਂਡ ਐਸੋਸੀਏਟਸ ਦੇ ਸੀਨੀਅਰ ਪਾਰਟਨਰ ਰਜਤ ਮੋਹਨ ਨੇ ਕਿਹਾ ਕਿ ਭਾਵੇ ਹੀ ਇਹ ਸਮਾਂ-ਸੀਮਾ 31 ਦਿਨਾਂ ਲਈ ਹੈ, ਪਰ ਟੈਕਸ ਪੇਸ਼ਾਵਰਾਂ ਲਈ ਜ਼ਰੂਰੀ ਜ਼ਿੰਮੇਵਾਰੀ ਪੂਰੀ ਕਰਨ ਲਈ ਕਾਫੀ ਹੈ।

Posted By: Ramanjit Kaur