ਨਵੀਂ ਦਿੱਲੀ, ਜੇਐੱਨਐੱਨ। ਕੌਮਾਂਤਰੀ ਬਾਜ਼ਾਰਾਂ 'ਚ ਤੇਲ ਦੀਆਂ ਕੀਮਤਾਂ 'ਚ ਭਾਵੇਂ ਹੀ ਕਟੌਤੀ ਹੋ ਰਹੀ ਹੋਵੇ ਅਤੇ ਅਨੁਮਾਨ ਲਗਾਇਆ ਜਾ ਰਿਹਾ ਹੋਵੇ ਕਿ ਇਸ ਦਾ ਫ਼ਾਇਦਾ ਆਉਣ ਵਾਲੇ ਦਿਨਾਂ 'ਚ ਮਿਲੇਗਾ ਪਰ ਅਜਿਹਾ ਹੋਵੇਗਾ ਨਹੀਂ। ਮੰਨਿਆ ਜਾ ਰਿਹਾ ਸੀ ਕਿ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ 3-4 ਰੁਪਏ ਤਕ ਦੀ ਕਟੌਤੀ ਹੋਵੇਗੀ ਪਰ ਅਜਿਹਾ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ। ਦਰਅਸਲ, ਸਰਕਾਰ ਨੇ ਪੈਟਰੋਲ ਤੇ ਡੀਜ਼ਲ 'ਤੇ ਲੱਗਣ ਵਾਲੀ ਐਕਸਾਈਜ਼ ਡਿਊਟੀ ਦੀ ਹੱਦ 'ਚ ਵਾਧਾ ਕਰ ਦਿੱਤਾ ਹੈ। ਇਸ ਤੋਂ ਬਾਅਦ ਹੁਣ ਪੈਟਰੋਲ 'ਤੇ ਵੱਧ ਤੋਂ ਵੱਧ 18 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 'ਤੇ 12 ਰੁਪਏ ਪ੍ਰਤੀ ਲੀਟਰ ਤਕ ਐਕਸਾਈਜ਼ ਡਿਊਟੀ ਲਾਈ ਜਾ ਸਕਦੀ ਹੈ।

ਸੋਮਵਾਰ ਨੂੰ ਵਿੱਤੀ ਬਿੱਲ 'ਚ ਸੋਧ ਤਹਿਤ ਐਕਸਾਈਜ ਹੱਦ 'ਚ ਵਾਧੇ ਨੂੰ ਮਨਜ਼ੂਰੀ ਦਿੱਤੀ ਗਈ। ਇਸ ਦੇ ਨਾਲ ਹੀ ਪੈਟਰੋਲ ਤੇ ਡੀਜ਼ਲ 'ਤੇ ਹੋਰ 8 ਰੁਪਏ ਤਕ ਦੀ ਐਕਸਾਈਜ਼ ਡਿਊਟੀ ਲੱਗਣ ਦਾ ਰਸਤਾ ਸਾਫ਼ ਹੋ ਗਿਆ ਹੈ। ਅਜਿਹਾ ਹੁੰਦਾ ਹੈ ਤਾਂ ਕੱਚੇ ਤੇਲ ਦੀਆਂ ਕੀਮਤਾਂ 'ਚ ਹੋਣ ਵਾਲੀ ਗਿਰਾਵਟ ਦਾ ਫ਼ਾਇਦਾ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਤੇ ਨਹੀਂ ਦਿਖੇਗਾ। ਪਿਛਲੀ 14 ਮਾਰਚ ਨੂੰ ਸਰਕਾਰ ਨੇ ਪੈਟਰੋਲ ਤੇ ਡੀਜ਼ਲ 'ਤੇ ਲੱਗਣ ਵਾਲੇ ਐਕਸਾਈਜ਼ ਡਿਊਟੀ 'ਚ 3 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਸੀ। ਇਸ ਤਿੰਨ ਰੁਪਏ ਨਾਲ ਸਰਕਾਰ ਨੂੰ ਚਾਲੂ ਵਿੱਤੀ ਸਾਲ 'ਚ ਵਾਧੂ ਰੂਪ 'ਚ 40,000 ਕਰੋੜ ਰੁਪਏ ਦਾ ਮਾਲੀਆ ਮਿਲਣ ਦਾ ਅਨੁਮਾਨ ਹੈ।

ਮਾਹਰਾਂ ਮੁਤਾਬਕ ਭਵਿੱਖ 'ਚ ਜੇਕਰ ਪੈਟਰੋਲ ਤੇ ਡੀਜ਼ਲ 'ਤੇ ਅੱਠ ਰੁਪਏ ਤਕ ਦਾ ਹੋਰ ਵਾਧਾ ਹੁੰਦਾ ਹੈ ਤਾਂ ਕੱਚੇ ਤੇਲ ਦੇ ਵਰਤਮਾਨ ਮੁੱਲ ਪੱਧਰ ਨੂੰ ਦੇਖਦੇ ਹੋਏ ਨਵੇਂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ ਇਕ ਲੱਖ ਕਰੋੜ ਤਕ ਦੀ ਰਕਮ ਮਿਲ ਸਕਦੀ ਹੈ। ਇਸ ਰਾਸ਼ੀ ਦਾ ਇਸਤੇਮਾਲ ਸਰਕਾਰ ਕੋਰੋਨਾ ਪ੍ਰਭਾਵਿਤ ਸੈਕਟਰ ਲਈ ਕਰ ਸਕਦੀ ਹੈ।¯

Posted By: Akash Deep