ਨਵੀਂ ਦਿੱਲੀ : ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਸ਼ੁੱਕਰਵਾਰ ਨੂੰ ਬੈਂਕਾਂ ਸਬੰਧੀ ਵੱਡੇ ਐਲਾਨ ਕੀਤੇ ਹਨ। ਪੰਜਾਬ ਨੈਸ਼ਨਲ ਬੈਂਕ, ਓਰੀਐਂਟਲ ਬੈਂਕ ਆਫ ਕਾਮਰਸ ਤੇ ਯੂਨਾਈਟਿਡ ਬੈਂਕ ਦਾ ਇਕ ਵਿਚ ਰਲੇਵਾਂ ਹੋਵੇਗਾ। ਇਸ ਤਰ੍ਹਾਂ ਇਹ ਬੈਂਕ ਮਿਲ ਕੇ ਦੇਸ਼ ਦਾ ਤੀਸਰਾ ਸਭ ਤੋਂ ਵੱਡਾ ਬੈਂਕ ਬਣਾਉਣਗੇ ਅਤੇ ਇਨ੍ਹਾਂ ਦਾ ਬਿਜ਼ਨੈੱਸ 17.95 ਲੱਖ ਕਰੋੜ ਹੋਵੇਗਾ।

ਇਸੇ ਤਰ੍ਹਾਂ ਯੂਨੀਅਨ ਬੈਂਕ ਆਫ ਇੰਡੀਆ, ਆਂਧਰਾ ਬੈਂਕ ਅਤੇ ਕਾਰਪੋਰੇਸ਼ਨ ਬੈਂਕ ਮਿਲਾ ਕੇ ਇਕ ਬੈਂਕ ਦਾ ਗਠਨ ਹੋਵੇਗਾ ਜੋ ਦੇਸ਼ ਦਾ ਪੰਜਵਾਂ ਸਭ ਤੋਂ ਵੱਡਾ ਪੀਐੱਸਯੂ ਬੈਂਕ ਹੋਵੇਗਾ। ਇਸ ਦਾ ਬਿਜ਼ਨੈੱਸ 14.59 ਲੱਖ ਕਰੋੜ ਹੋਵੇਗਾ। ਸਰਕਾਰ ਨੇ ਇਹ ਕਦਮ ਬੈਂਕ ਆਪ੍ਰੇਸ਼ਨ ਦੀ ਲਾਗਤ ਘਟਾਉਣ ਲਈ ਉਠਾਇਆ ਹੈ।

ਵਿੱਤ ਮੰਤਰੀ ਨੇ ਕਿਹਾ ਕਿ ਇੰਡੀਅਨ ਬੈਂਕ ਦਾ ਰਲੇਵਾਂ ਇਲਾਹਾਬਾਦ ਬੈਂਕ ਨਾਲ ਕੀਤਾ ਜਾਵੇਗਾ, ਇਸ ਤਰ੍ਹਾਂ ਇਹ ਦੇਸ਼ ਦਾ ਸੱਤਵਾਂ ਸਭ ਤੋਂ ਵੱਡਾ ਪੀਐੱਸਯੂ ਬੈਂਕ ਬਣ ਜਾਵੇਗਾ। ਇਸ ਦਾ ਬਿਜ਼ਨੈੱਸ 8.08 ਲੱਖ ਕਰੋੜ ਹੋਵੇਗਾ।

ਇਸੇ ਲੜੀ ਤਹਿਤ ਕੇਨਰਾ ਬੈਂਕ ਅਤੇ ਸਿੰਡੀਕੇਟ ਬੈਂਕ ਦਾ ਵੀ ਰਲੇਵਾਂ ਕੀਤਾ ਜਾਵੇਗਾ ਜੋ ਦੇਸ਼ ਦਾ ਚੌਥਾ ਸਭ ਤੋਂ ਵੱਡਾ ਪੀਐੱਸਯੂ ਬੈਂਕ ਹੋਵੇਗਾ। ਇਸ ਦਾ ਬਿਜ਼ਨੈੱਸ 15.20 ਲੱਖ ਕਰੋੜ ਹੋਵੇਗਾ। ਸਾਰੇ ਪੀਐੱਸਬੀ ਬਿਜ਼ਨੈੱਸ ਦਾ 80 ਫ਼ੀਸਦੀ ਇਨ੍ਹਾਂ ਬੈਂਕਾਂ ਕੋਲ ਹੋਵੇਗਾ।

ਵਿੱਤ ਮੰਤਰੀ ਨੇ ਇਸ ਮੌਕੇ ਮਰਜ ਹੋਣ ਜਾ ਰਹੇ ਇਨ੍ਹਾਂ ਦਸ ਬੈਂਕਾਂ ਦੇ ਮੁਲਾਜ਼ਮਾਂ ਨੂੰ ਭਰੋਸਾ ਦਿਵਾਇਆ ਕਿ ਰਲੇਵੇਂ ਕਾਰਨ ਉਨ੍ਹਾਂ ਦੀ ਨੌਕਰੀ ਨਹੀਂ ਜਾਵੇਗੀ।

Posted By: Seema Anand