ਜੇਐੱਨਐੱਨ, ਨਵੀਂ ਦਿੱਲੀ : ਮੋਦੀ ਸਰਕਾਰ ਨੇ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਦੀਵਾਲੀ ਦਾ ਤੋਹਫ਼ਾ ਦਿੱਤਾ ਹੈ। ਸਰਕਾਰ ਨੇ ਬੁੱਧਵਾਰ ਨੂੰ ਮਹਿੰਗਾਈ ਭੱਤੇ 'ਚ 5 ਫੀਸਦੀ ਵਾਧੇ ਦਾ ਫੈਸਲਾ ਕੀਤਾ ਹੈ। ਇਸ ਨਾਲ 50 ਲੱਖ ਮੁਲਾਜ਼ਮਾਂ ਨੂੰ ਫਾਇਦਾ ਹੋਵੇਗਾ। ਇਹ ਵਧੀਆਂ ਹੋਈਆਂ ਦਰਾਂ ਇਸ ਸਾਲ ਜੁਲਾਈ ਤੋਂ ਹੀ ਲਾਗੂ ਹੋਣਗੀਆਂ। ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕੈਬਨਿਟ ਦੀ ਬੈਠਕ ਤੋਂ ਬਾਅਦ ਜਾਣਕਾਰੀ ਦਿੱਤੀ ਹੈ ਕਿ ਸਰਕਾਰ ਨੇ ਡੀਏ ਨੂੰ 12 ਫੀਸਦੀ ਤੋਂ ਵਧਾ ਕੇ 17 ਫੀਸਦੀ ਕਰਨ ਦਾ ਫੈਸਲਾ ਕੀਤਾ ਹੈ।

ਸਰਕਾਰ ਦੇ ਇਸ ਫੈਸਲੇ ਤੋਂ 50 ਲੱਖ ਸਰਕਾਰੀ ਮੁਲਾਜ਼ਮਾਂ ਦੇ ਨਾਲ ਹੀ 65 ਲੱਖ ਪੈਨਸ਼ਰਾਂ ਨੂੰ ਵੀ ਫਾਇਦਾ ਹੋਵੇਗਾ। ਹਾਲਾਂਕਿ, ਇਸ ਫੈਸਲੇ ਨਾਲ ਸਰਕਾਰੀ ਖ਼ਜਾਨੇ 'ਤੇ 16 ਹਜ਼ਾਰ ਕਰੋੜ ਰੁਪਏ ਦਾ ਹੋਰ ਬੋਝ ਵਧੇਗਾ, ਜੋ ਵਧਦੇ ਮਾਲੀਆ ਘਾਟੇ ਵਿਚਕਾਰ ਸਰਕਾਰ ਦੀ ਸਰਦਰਦੀ ਹੋਰ ਵਧਾਏਗਾ।

ਜਾਵੜੇਕਰ ਨੇ ਇਕ ਹੋਰ ਮਹਤੱਵਪੂਰਨ ਐਲਾਨ ਕਰਦਿਆਂ ਕਿਹਾ ਕਿ ਸਰਕਾਰ ਨੇ ਆਸ਼ਾ ਵਰਕਰਾਂ ਦਾ ਮਾਣ ਭੱਤਾ 1000 ਰੁਪਏ ਤੋਂ ਵਧਾ ਕੇ 2000 ਰੁਪਏ ਕਰ ਦਿੱਤਾ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਕੈਬਨਿਟ ਨੇ ਇਕ ਹੋਰ ਅਹਿਮ ਫੈਸਲਾ ਕੀਤਾ ਹੈ। ਇਸ ਤਹਿਤ ਪ੍ਰਧਾਨ ਮੰਤਰੀ ਕਿਸਾਨ ਸਮਾਨ ਨਿਧੀ ਦੇ ਤਹਿਤ ਲਾਭ ਪ੍ਰਾਪਤ ਕਰਨ ਲਈ ਹੁਣ 30 ਨਵੰਬਰ ਤਕ ਆਧਾਰ ਦੀ ਸੀਡਿੰਗ ਕਰਾਈ ਜਾ ਸਕਦੀ ਹੈ।

ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਇਹ ਵੀ ਦੱਸਿਆ ਕਿ ਮਹਿੰਗਾਈ ਭੱਤਾ ਇਸ ਤੋਂ ਪਹਿਲਾਂ ਸਿਰਫ 2-3 ਫੀਸਦੀ ਤਕ ਹੀ ਵਧਦਾ ਸੀ, ਜੋ ਕਿ ਮੋਦੀ ਸਰਕਾਰ ਵੱਲੋਂ ਹੁਣ 5 ਫੀਸਦੀ ਵਧਾਉਣ ਦਾ ਫੈਸਲਾ ਹੋਇਆ ਹੈ। ਮੰਤਰੀ ਨੇ ਕਿਹਾ ਕਿ ਇਹ ਫੈਸਲਾ ਦੀਵਾਲੀ ਤੋਂ ਪਹਿਲਾਂ ਸਰਕਾਰੀ ਮੁਲਾਜ਼ਮਾਂ ਲਈ ਖੁਸ਼ੀਆਂ ਲਿਆਵੇਗਾ। ਇਸ ਸਾਲ 27 ਅਕਤੂਬਰ ਨੂੰ ਦੀਪਾਂ ਦਾ ਤਿਉਹਾਰ ਦੀਵਾਲੀ ਮਨਾਇਆ ਜਾਵੇਗਾ।

Posted By: Amita Verma