ਬਿਜ਼ਨੈੱਸ ਡੇਸਕ, ਨਵੀਂ ਦਿੱਲੀ : ਟਵਿਟਰ, ਮੈਟਾ, ਐਮਾਜ਼ੋਨ ਤੇ ਮਾਈਕ੍ਰੋਸਾਫਟ ਤੋਂ ਬਾਅਦ ਹੁਣ ਗੂਗਲ 'ਚ ਵੀ ਛਾਂਟੀ ਸ਼ੁਰੂ ਹੋ ਗਈ ਹੈ। ਸੁਣਨ 'ਚ ਆ ਰਿਹਾ ਹੈ ਕਿ ਗੂਗਲ ਦੀ ਪੇਰੈਂਟ ਕੰਪਨੀ ਅਲਫਾਬੇਟ ਜਲਦ ਹੀ ਖਰਾਬ ਪ੍ਰਦਰਸ਼ਨ ਦੇ ਆਧਾਰ 'ਤੇ ਕਰੀਬ 10,000 ਮੁਲਾਜ਼ਮਾਂ ਨੂੰ ਕੰਪਨੀ ਤੋਂ ਬਾਹਰ ਦਾ ਰਸਤਾ ਦਿਖਾਉਣ ਜਾ ਰਹੀ ਹੈ। ਇਹ 10,000 ਲੋਕ ਕੰਪਨੀ ਦੇ ਕੁੱਲ ਮੁਲਾਜ਼ਮਾਂ ਦਾ 6 ਫ਼ੀਸਦ ਹਨ, ਜਿਨ੍ਹਾਂ ਨੂੰ ਕੰਪਨੀ ਭਵਿੱਖ ਵਿਚ ਕਿਸੇ ਵੀ ਸਮੇਂ ਬਰਖ਼ਾਸਤ ਕਰ ਸਕਦੀ ਹੈ। ਤੁਹਾਨੂੰ ਦੱਸ ਦੇਈਏ ਕਿ ਵੱਡੀਆਂ ਆਈਟੀ ਕੰਪਨੀਆਂ ਇਨ੍ਹੀਂ ਦਿਨੀਂ ਸੰਭਾਵਿਤ ਮੰਦੀ ਦਾ ਸਾਹਮਣਾ ਕਰ ਰਹੀਆਂ ਹਨ। ਇਹ ਸਾਰੀਆਂ ਕੰਪਨੀਆਂ ਆਪਣੇ ਖਰਚੇ ਘਟਾਉਣ ਲਈ ਵੱਡੀ ਗਿਣਤੀ 'ਚ ਮੁਲਾਜ਼ਮਾਂ ਦੀ ਛਾਂਟੀ ਕਰ ਰਹੀਆਂ ਹਨ।

ਇਹ ਹੈ ਛਾਂਟੀ ਦਾ ਮੁੱਖ ਕਾਰਨ

ਪਤਾ ਲੱਗਾ ਹੈ ਕਿ ਐਕਟੀਵਿਸਟ ਨਿਵੇਸ਼ਕ ਟੀਸੀਆਈ ਫੰਡ ਮੈਨੇਜਮੈਂਟ ਨੇ ਅਲਫਾਬੈੱਟ ਨੂੰ ਲਾਗਤਾਂ 'ਚ ਕਟੌਤੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਦੱਸ ਦੇਈਏ ਕਿ TCI ਫੰਡ ਮੈਨੇਜਮੈਂਟ 2017 ਤੋਂ ਅਲਫਾਬੈੱਟ 'ਚ ਛੇ ਬਿਲੀਅਨ ਦੀ ਹਿੱਸੇਦਾਰੀ ਦੇ ਨਾਲ ਇਕ ਨਿਵੇਸ਼ਕ ਹੈ। ਉਹ ਮੰਨਦੇ ਹਨ ਕਿ ਅਲਫਾਬੈੱਟ 'ਚ ਬਹੁਤ ਸਾਰੇ ਮੁਲਾਜ਼ਮ ਹਨ ਤੇ ਪ੍ਰਤੀ ਮੁਲਾਜ਼ਮ ਲਾਗਤ ਬਹੁਤ ਜ਼ਿਆਦਾ ਹੈ।

ਦਿ ਇਨਫਰਮੇਸ਼ਨ ਦੀ ਰਿਪੋਰਟ ਅਨੁਸਾਰ, ਅਲਫਾਬੈੱਟ 'ਚ ਇਸ ਸਮੇਂ ਕੁੱਲ 1 ਲੱਖ 87 ਹਜ਼ਾਰ ਮੁਲਾਜ਼ਮ ਹਨ। ਕੰਪਨੀ ਨੇ ਇਕ ਨਵੀਂ ਰੈਂਕਿੰਗ ਤੇ ਪ੍ਰਦਰਸ਼ਨ ਸੁਧਾਰ ਯੋਜਨਾ ਰਾਹੀਂ ਇਨ੍ਹਾਂ ਵਿੱਚੋਂ 10,000 ਮੁਲਾਜ਼ਮਾਂ ਨੂੰ ਬਾਹਰ ਕੱਢਣ ਦਾ ਮਨ ਬਣਾ ਲਿਆ ਹੈ। ਇਕ ਨਵਾਂ ਪਰਫੋਰਮੈਂਸ ਮੈਨੇਜਮੈਂਟ ਸਿਸਟਮ ਅਗਲੇ ਸਾਲ ਦੇ ਸ਼ੁਰੂ ਤਕ ਉਨ੍ਹਾਂ ਹਜ਼ਾਰਾਂ ਮੁਲਾਜ਼ਮਾਂ ਨੂੰ ਅਗਲੇ ਸਾਲ ਦੀ ਸ਼ੁਰੂਆਤ ਤਕ ਬਹਾਰ ਕੱਢਣ ਵਿਚ ਮਦਦ ਕਰੇਗਾ ਜੋ ਅੰਡਰਪਰਫਾਰਮਿੰਗ ਹਨ।

ਹਾਲਾਂਕਿ ਅਜੇ ਤਕ ਅਲਫਾਬੈੱਟ ਵੱਲੋਂ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ, ਕੰਪਨੀ 'ਚ ਨਿਵੇਸ਼ਕ ਟੀਸੀਆਈ ਨੇ ਕਿਹਾ ਹੈ ਕਿ ਅਲਫਾਬੈੱਟ ਆਪਣੇ ਬਹੁਤ ਸਾਰੇ ਮੁਲਾਜ਼ਮਾਂ ਨੂੰ ਵੱਧ ਤਨਖਾਹ ਦਿੰਦੀ ਹੈ। ਇਸ ਦੇ ਨਾਲ ਹੀ ਟੀਸੀਆਈ ਦਾ ਦਾਅਵਾ ਹੈ ਕਿ ਅਲਫਾਬੈੱਟ 2017 ਤੋਂ ਲਗਾਤਾਰ 20 ਫੀਸਦੀ ਵਾਧੇ ਨਾਲ ਮੁਲਾਜ਼ਮਾਂ ਦੀ ਭਰਤੀ ਕਰ ਰਿਹਾ ਹੈ, ਜਿਸ ਨੂੰ ਘੱਟ ਕਰਨਾ ਜ਼ਰੂਰੀ ਹੈ।

Posted By: Seema Anand