ਜੇਐੱਨਐੱਨ,ਨਵੀਂ ਦਿੱਲੀ: ਟਰੇਨਾਂ ਦੀ ਲੇਟਲਤੀਫ਼ੀ ਦੂਰ ਕਰਨ ਅਤੇ ਮੁਹੱਈਆ ਵਸੀਲਿਆਂ ਦਾ ਬਿਹਤਰ ਢੰਗ ਨਾਲ ਉਪਯੋਗ ਕਰਨ ਲਈ ਕਈ ਕਦਮ ਚੁੱਕੇ ਜਾ ਰਹੇ ਹਨ। ਇਸ ਕੜੀ 'ਚ ਵੱਖ-ਵੱਖ ਸ੍ਰੇਣੀ ਦੀਆਂ ਰੇਲਗੱਡੀਆਂ 'ਚ ਕੋਚ ਦੀ ਗਿਣਤੀ ਬਰਾਬਰ ਕਰਨ 'ਤੇ ਕੰਮ ਸ਼ੁਰੂ ਹੋ ਗਿਆ ਹੈ। ਪਹਿਲੇ ਗੇੜ 'ਚ ਸ਼ਤਾਬਦੀ, ਰਾਜਧਾਨੀ ਸਮੇਤ ਐੱਲਐੱਚਬੀ (ਲਿੰਕ ਹਾਫ਼ਮੈਨ ਬੁਸ਼) ਕੋਚ ਵਾਲੀਆਂ ਰੇਲਗੱਡੀਆਂ 'ਚ ਇਹ ਸਹੂਲਤ ਮੁਹੱਈਆ ਹੋਵੇਗੀ। ਇਸ ਨਾਲ ਕਿਸੇ ਇਕ ਸ੍ਰੇਣੀ ਦੀ ਰੇਲਗੱਡੀ ਦੇ ਖਾਲੀ ਰੈਕ ਨੂੰ ਆਪਸ 'ਚ ਬਦਲਿਆ ਜਾ ਸਕੇਗਾ। ਇਸ ਨਾਲ ਰੇਲਗੱਡੀਆਂ ਨੂੰ ਸਮੇਂ 'ਤੇ ਚਲਾਉਣ 'ਚ ਮਦਦ ਮਿਲੇਗੀ।

ਸਮੇਂ 'ਤੇ ਚਲਾਉਣ ਲਈ ਹੁਣ ਬਰਾਬਰ ਹੋਣਗੇ ਕੋਚ

ਵਰਤਮਾਨ ਪ੍ਰਬੰਧ 'ਚ ਇਕ ਸ੍ਰੇਣੀ ਦੀਆਂ ਰੇਲਗੱਡੀਆਂ 'ਚ ਵੀ ਕੋਚਾਂ ਦੀ ਗਿਣਤੀ ਵੱਖ-ਵੱਖ ਹੁੰਦੀ ਹੈ। ਨਤੀਜੇ ਵਜੋਂ ਜੇਕਰ ਕੋਈ ਰੇਲਗੱਡੀ ਲੇਟ ਹੋ ਜਾਂਦੀ ਹੈ ਤਾਂ ਉਸ ਦੀ ਵਾਪਸੀ ਦੀ ਦੇਰੀ ਨਾਲ ਹੁੰਦੀ ਹੈ, ਕਿਉਂਕਿ ਰੇਲਗੱਡੀ ਦੇ ਆਉਣ ਤੋਂ ਬਆਦ ਉਸ ਦੇ ਰੈਕ ਦੀ ਸਾਂਭ-ਸੰਭਾਲ 'ਚ ਸਮਾਂ ਲੱਗਦਾ ਹੈ। ਉੱਥੇ, ਕਈ ਗੱਡੀਆਂ ਦੇ ਰੈਕ ਯਾਰਡ 'ਚ ਘੰਟਿਆਂਬੱਧੀ ਲੋਕ ਖੜ੍ਹੇ ਰਹਿੰਦੇ ਹਨ। ਜੇਕਰ ਰੇਲਗੱਡੀਆਂ 'ਚ ਕੋਚਾਂ ਦੀ ਗਿਣਤੀ ਬਰਾਬਰ ਹੋਵੇਗੀ ਤਾਂ ਇਹ ਪਰੇਸ਼ਾਨੀ ਨਹੀਂ ਰਹੇਗੀ। ਕਿਸੇ ਰੇਲਗੱਡੀ ਦੇ ਲੇਟ ਹੋਣ 'ਤੇ ਉਸ ਦੀ ਮੰਜ਼ਲ 'ਤੇ ਪਹੁੰਚਣ ਦੀ ਉਡੀਕ ਕੀਤੇ ਬਿਨਾਂ ਯਾਰਡ 'ਚ ਉਪਲੱਬਧ ਰੈਕ ਦੀ ਵਰਤੋਂ ਕਰਕੇ ਵਾਪਸੀ ਦਿਸ਼ਾ ਦੀ ਰੇਲਗੱਡੀ ਨੂੰ ਸਮੇਂ 'ਤੇ ਰਵਾਨਾ ਕੀਤਾ ਜਾ ਸਕੇਗਾ।

ਕਈ ਪ੍ਰਬੰਧਾਂ 'ਚ ਹੋ ਰਿਹਾ ਹੈ ਸੁਧਾਰ ਤਾਂਕਿ ਲੇਟ ਨਾ ਹੋਵੇ ਰੇਲਗੱਡੀ

ਪਿਛਲੇ ਵਰ੍ਹੇ ਹੀ ਰੇਲ ਮੰਤਰੀ ਪੀਯੂਸ਼ ਗੋਇਲ ਨੇ ਇਸ ਦਾ ਐਲਾਂਨ ਕੀਤਾ ਸੀ। ਹੁਣ ਇਸ ਦਿਸ਼ਾ 'ਚ ਕੰਮ ਸ਼ੁਰੂ ਹੋ ਗਿਆ ਹੈ। ਇਸ ਸਬੰਧੀ ਸਾਰੇ ਜ਼ੋਨਲ ਰੇਲਵੇ ਨੂੰ ਚਿੱਠੀ ਲਿਖ ਕੇ ਐੱਲਐੱਚਬੀ ਕੋਲ ਵਾਲੀਆਂ ਰੇਲਗੱਡੀਆਂ 'ਚ ਇਹ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ। ਇਸ ਲਈ ਜ਼ਰੂਰਤ ਅਨੁਸਾਰ ਪਲੇਟਫਾਰਮ, ਵਾਸ਼ਿੰਗ ਲਾਈਨ ਆਦਿ 'ਚ ਸੁਧਾਰ ਕੀਤਾ ਜਾਵੇਗਾ। ਇਸੇ ਤਰ੍ਹਾਂ ਰਾਖਵਾਂਕਰਨ ਪ੍ਰਣਾਲੀ 'ਚ ਵੀ ਬਦਲਾਅ ਕੀਤਾ ਜਾਵੇਗਾ।

ਵੱਖ-ਵੱਖ ਸ੍ਰੇਣੀ ਦੀਆਂ ਗੱਡੀਆਂ 'ਚ ਡੱਬਿਆਂ ਦੀ ਗਿਣਤੀ

-ਸ਼ਤਾਬਦੀ ਤੇ ਤੇਜਸ ਐਕਸਪ੍ਰੈਸ 'ਚ ਯਾਤਰੀਆਂ ਲਈ ਚੇਅਰ ਕਾਰ ਦੇ 14 ਅਤੇ ਐਗਜੀਕਿਊਟਿਵ ਚੇਅਰ ਕਾਰ ਦੇ ਦੋ ਕੋਚ ਹੋਣਗੇ।

-ਜਨ ਸ਼ਤਾਬਦੀ ਐਕਸਪ੍ਰੈਸ ਨੂੰ ਛੱਡ ਕੇ ਦਿਨੇ ਚੱਲਣ ਵਾਲੀ ਇੰਟਰ ਸਿਟੀ ਐਕਸਪ੍ਰੈਸ ਸ੍ਰੇਣੀ ਦੀਆਂ ਰੇਲਗੱਡੀਆਂ 'ਚ ਯਾਤਰੀਆਂ ਲਈ 18 ਡੱਬੇ ਲਗਾਏ ਜਾਣਗੇ, ਜਿਨ੍ਹਾਂ 'ਚ ਦੋ ਏਸੀ ਚੇਅਰ ਕਾਰ, 12 ਦੂਜੀ ਸ੍ਰੇਣੀ ਦੇ ਚੇਅਰ ਕਾਰ ਤੇ ਚਾਰ ਗ਼ੈਰ ਰਾਖਵੇਂ ਕੋਚ ਹੋਣਗੇ।

-ਰਾਜਧਾਨੀ ਐਕਸਪ੍ਰੈੱਸ, ਦੁਰੰਤੋ ਐਕਸਪ੍ਰੈੱਸ, ਏਸੀ ਐਕਸਪ੍ਰੈੱਸ (ਹਮਸਫ਼ਰ ਤੇ ਗਰੀਬ ਰਥ ਨੂੰ ਛੱਡ ਕੇ) 'ਚ ਯਾਤਰੀਆਂ ਲਈ 19 ਕੋਚ ਮੁਹੱਈਆ ਹੋਣਗੇ। ਇਕ ਪੇਂਟਰੀ ਕਾਰ ਦੇ ਨਾਲ ਹੀ ਥਰਡ ਏਸੀ ਦੇ 12, ਸੈਕਿੰਡ ਏਸੀ ਦੇ 5 ਅਤੇ ਫਸਟ ਏਸੀ ਦੇ ਇਕ ਕੋਚ ਲਗਾਏ ਜਾਣਗੇ।

-ਲੰਬੀ ਦੂਰੀ ਦੀ ਮੇਲ ਤੇ ਸਪਰ ਫਾਸਟ ਰੇਲਗੱਡੀਆਂ (ਗ਼ੈਰ ਏਸੀ ਕੋਚ ਵਾਲੇ ਦੁਰੰਤੋ, ਜਨ ਸਾਧਾਰਨ ਤੇ ਅਨਤੋਦਿਆ ਐਕਸਪ੍ਰੈਸ ਨੂੰ ਛੱਡ ਕੇ) 'ਚ ਯਾਤਰੀਆਂ ਲਈ 19 ਕੋਚ ਹੋਣਗੇ। ਇਸ ਤਰ੍ਹਾਂ ਦੀਆਂ ਰੇਲਗੱਡੀਆਂ 'ਚ ਸੱਤ ਸਲੀਪਰ, ਛੇ ਥਰਡ ਏਸੀ, ਦੋ ਸੈਕਿੰਡ ਏਸੀ, ਚਾਰ ਜਨਰਲ ਕੋਚ ਲਗਾਏ ਜਾਣਗੇ। ਇਕ ਪੇਂਟਰੀ ਕਾਰ ਵੀ ਹੋਵੇਗੀ।

Posted By: Jagjit Singh