ਨਵੀਂ ਦਿੱਲੀ (ਏਜੰਸੀ) : ਸਥਾਨਕ ਜਿਊਲਰਾਂ ਵੱਲੋਂ ਮੰਗ ਘਟਣ ਤੇ ਕੌਮਾਂਤਰੀ ਬਾਜ਼ਾਰਾਂ ਦੇ ਕਮਜ਼ੋਰ ਰੁਝਾਨ ਕਾਰਨ ਰਾਸ਼ਟਰੀ ਰਾਜਧਾਨੀ ਦੇ ਸਰਾਫ਼ਾ ਬਾਜ਼ਾਰ 'ਚ ਸੋਨਾ ਸੋਮਵਾਰ ਨੂੰ 55 ਰੁਪਏ ਡਿੱਗ ਕੇ 34,225 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ। ਆਲ ਇੰਡੀਆ ਸਰਾਫ਼ਾ ਐਸੋਸੀਏਸ਼ਨ ਮੁਤਾਬਕ ਉਦਯੋਗਿਕ ਇਕਾਈਆਂ ਤੇ ਸਿੱਕਾ ਨਿਰਮਾਤਾਵਾਂ ਵੱਲੋਂ ਖ਼ਰੀਦ ਘਟਣ ਨਾਲ ਚਾਂਦੀ ਵੀ 150 ਰੁਪਏ ਸਸਤੀ ਹੋ ਕੇ 41,100 ਰੁਪਏ ਪ੍ਰਤੀ ਕਿੱਲੋ ਦੀ ਰਹਿ ਗਈ।

ਸਰਾਫ਼ਾ ਕਾਰੋਬਾਰੀਆਂ ਨੇ ਕਿਹਾ ਕਿ ਘਰੇਲੂ ਬਾਜ਼ਾਰ 'ਚ ਸਥਾਨਕ ਜਿਊਲਰਾਂ ਵੱਲੋਂ ਮੰਗ ਘੱਟ ਰਹਿਣ ਤੇ ਗਲੋਬਲ ਮਾਰਕੀਟਸ 'ਚ ਰੁਝਾਨ ਕਮਜ਼ੋਰ ਰਹਿਣ ਕਾਰਨ ਸੋਨੇ ਦੀ ਕੀਮਤ 'ਚ ਗਿਰਾਵਟ ਦਰਜ ਕੀਤੀ ਗਈ। ਨਿਊਯਾਰਕ 'ਚ ਸੋਨੇ ਦਾ ਭਾਅ 0.24 ਫ਼ੀਸਦੀ ਡਿੱਗ ਕੇ 1,312 ਡਾਲਰ ਪ੍ਰਤੀ ਅੌਂਸ (28.35 ਗ੍ਰਾਮ ) ਦਰਜ ਕੀਤਾ ਗਿਆ ਤੇ ਚਾਂਦੀ ਦਾ ਭਾਅ 0.51 ਫ਼ੀਸਦੀ ਡਿੱਗ ਕੇ 15.82 ਡਾਲਰ ਪ੍ਰਤੀ ਅੌਂਸ ਦਰਜ ਕੀਤਾ ਗਿਆ। ਰਾਸ਼ਟਰੀ ਰਾਜਧਾਨੀ 'ਚ 99.9 ਫ਼ੀਸਦੀ ਖਰਾ ਸੋਨਾ 55 ਰੁਪਏ ਡਿੱਗ ਕੇ 34,225 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ ਤੇ 99.5 ਫ਼ੀਸਦੀ ਖ਼ਰਾ ਸੋਨਾ ਵੀ ਇੰਨਾ ਹੀ ਡਿੱਗ ਕੇ 34,075 ਰੁਪਏ ਪ੍ਰਤੀ 10 ਗ੍ਰਾਮ ਦਾ ਰਹਿ ਗਿਆ। ਅੱਠ ਗ੍ਰਾਮ ਸੋਨੇ ਦੀ ਗਿੰਨੀ ਹਾਲਾਂਕਿ 26,100 ਰੁਪਏ ਹਰੇਕ ਦੇ ਭਾਅ 'ਤੇ ਕਾਇਮ ਰਹੀ।

ਚਾਂਦੀ ਹਾਜ਼ਰ 150 ਰੁਪਏ ਸਸਤੀ ਹੋ ਕੇ 41,100 ਰੁਪਏ ਪ੍ਤੀ ਕਿੱਲੋ ਦੀ ਰਹਿ ਗਈ ਤੇ ਹਫ਼ਤਾਵਾਰੀ ਡਿਲੀਵਰੀ 118 ਰੁਪਏ ਸਸਤੀ ਹੋ ਕੇ 39,987 ਰੁਪਏ ਪ੍ਤੀ ਕਿੱਲੋ 'ਤੇ ਆ ਗਈ। ਚਾਂਦੀ ਦੇ ਸਿੱਕਿਆਂ ਦੀ ਕੀਮਤ ਪ੍ਤੀ ਸੈਂਕੜਾ 80,000 ਰੁਪਏ ਖ਼ਰੀਦ ਤੇ 81,000 ਰੁਪਏ ਵਿਕਰੀ 'ਤੇ ਕਾਇਮ ਰਹੀ।