ਨਵੀਂ ਦਿੱਲੀ (ਪੀਟੀਆਈ) : ਡਾਲਰ ਦੇ ਮੁਕਾਬਲੇ ਰੁਪਏ ਦੇ ਮਜ਼ਬੂਤ ਹੁੰਦੇ ਹੀ ਸੋਨਾ-ਚਾਂਦੀ ਦੇ ਭਾਅ 'ਚ ਗਿਰਾਵਟ ਦਾ ਰੁਖ਼ ਦਿਸਣ ਲੱਗਾ ਹੈ। ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਡਾਲਰ ਦੇ ਮੁਕਾਬਲੇ ਰੁਪਇਆ 17 ਪੈਸਾ ਮਜ਼ਬੂਤ ਹੋਇਆ। ਇਸ ਕਾਰਨ ਦਿਨ ਦੇ ਕਾਰੋਬਾਰ ਦੇ ਆਖ਼ਰ ਤਕ ਸੋਨਾ 372 ਰੁਪਏ ਡਿੱਗ ਕੇ 39,278 ਰੁਪਏ ਪ੍ਰਤੀ 10 ਗ੍ਰਾਮ ਦੇ ਭਾਅ 'ਤੇ ਰਹਿ ਗਿਆ। ਚਾਂਦੀ ਦੇ ਭਾਅ 'ਚ ਵੀ 1,273 ਰੁਪਏ ਦੀ ਵੱਡੀ ਗਿਰਾਵਟ ਦੇਖੀ ਗਈ ਹੈ। ਇਸ ਗਿਰਾਵਟ ਤੋਂ ਬਾਅਦ ਚਾਂਦੀ 49,187 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਰਹਿ ਗਈ।

ਐੱਚਡੀਐੱਫਸੀ ਸਕਿਓਰਿਟੀਜ਼ ਦੇ ਸੀਨੀਅਰ ਐਨਾਲਿਸਟ (ਕਮੋਡਿਟੀਜ਼) ਤਪਨ ਪਟੇਲ ਨੇ ਕਿਹਾ ਕਿ ਵਿਦੇਸ਼ੀ ਬਾਜ਼ਾਰਾਂ 'ਚ ਸੋਨੇ-ਚਾਂਦੀ ਦੇ ਪ੍ਰਤੀ ਨਿਵੇਸ਼ਕਾਂ ਦੀ ਬੇਰੁਖ਼ੀ ਦਾ ਵੀ ਅਸਰ ਘਰੇਲੂ ਬਾਜ਼ਾਰ 'ਚ ਇਨ੍ਹਾਂ ਬਹੁਮੁੱਲੀ ਧਾਤਾਂ 'ਤੇ ਦੇਖਿਆ ਗਿਆ। ਨਿਊਯਾਰਕ 'ਚ ਸੋਨੇ ਦਾ ਭਾਅ ਗਿਰਾਵਟ ਦੇ ਨਾਲ 1,510 ਡਾਲਰ, ਜਦਕਿ ਚਾਂਦੀ ਦਾ ਭਾਅ ਫਿਸਲ ਕੇ 18.30 ਡਾਲਰ ਪ੍ਰਤੀ ਔਸ(28.35 ਗ੍ਰਾਮ) ਰਹਿ ਗਿਆ ਸੀ। ਘਰੇਲੂ ਬਾਜ਼ਾਰ 'ਚ ਸੰਸਥਾਗਤ ਖ਼ਰੀਦਦਾਰਾਂ ਅਤੇ ਸਿੱਕਾ ਨਿਰਮਾਤਾਵਾਂ ਨੇ ਚਾਂਦੀ ਦੀ ਖ਼ਰੀਦਦਾਰੀ 'ਚ ਕੋਈ ਦਿਲਚਸਪੀ ਨਹੀਂ ਦਿਖਾਈ। ਪਟੇਲ ਦਾ ਕਹਿਣਾ ਸੀ ਕਿ ਦੁਨੀਆ ਭਰ 'ਚ ਸ਼ੇਅਰ ਬਾਜ਼ਾਰਾਂ ਦੀ ਸਿਹਤ 'ਚ ਦਿਸ ਰਹੇ ਸੁਧਾਰ ਦਾ ਵੀ ਸੋਨੇ-ਚਾਂਦੀ ਦੇ ਭਾਅ 'ਤੇ ਅਸਰ ਹੈ। ਨਵੀਂ ਦਿੱਲੀ 'ਚ 99.9 ਫ਼ੀਸਦੀ ਖਰਾ ਸੋਨਾ 39,108 ਰੁਪਏ ਪ੍ਰਤੀ 10 ਗ੍ਰਾਮ ਦਾ ਰਹਿ ਗਿਆ।