ਨਵੀਂ ਦਿੱਲੀ : ਸਥਾਨਕ ਜਿਊਲਰਾਂ ਵੱਲੋਂ ਮੰਗ ਵਧਣ ਕਾਰਨ ਰਾਸ਼ਟਰੀ ਰਾਜਧਾਨੀ ਦੇ ਸਰਾਫ਼ਾ ਬਾਜ਼ਾਰ 'ਚ ਸੋਨਾ ਵੀਰਵਾਰ ਨੂੰ ਲਗਾਤਾਰ ਚੌਥੇ ਦਿਨ ਮਜ਼ਬੂਤ ਹੋਇਆ ਅਤੇ ਇਹ 270 ਰੁਪਏ ਮਜ਼ਬੂਤ ਹੋ ਕੇ 33,070 ਰੁਪਏ ਪ੍ਰਤੀ 10 ਗ੍ਰਾਮ ਦਾ ਹੋ ਗਿਆ। ਆਲ ਇੰਡੀਆ ਸਰਾਫ਼ਾ ਐਸੋਸੀਏਸ਼ਨ ਮੁਤਾਬਕ ਸਨਅਤੀ ਇਕਾਈਆਂ ਅਤੇ ਸਿੱਕਾ ਨਿਰਮਾਤਾਵਾਂ ਵੱਲੋਂ ਤਾਜ਼ਾ ਖ਼ਰੀਦਦਾਰੀ ਕਾਰਨ ਚਾਂਦੀ ਵੀ 410 ਰੁਪਏ ਮਜ਼ਬੂਤ ਹੋ ਕੇ 40,510 ਰੁਪਏ ਪ੍ਰਤੀ ਕਿਲੋ 'ਤੇ ਪਹੁੰਚ ਗਈ। ਸਰਾਫ਼ਾ ਕਾਰੋਬਾਰੀਆਂ ਨੇ ਕਿਹਾ ਕਿ ਸਥਾਨਕ ਜਿਊਲਰਾਂ ਵੱਲੋਂ ਖ਼ਰੀਦਦਾਰੀ ਵਧਣ ਕਾਰਨ ਪੀਲੀ ਧਾਤ ਦੀ ਕੀਮਤ ਵਧੀ। ਵਿਦੇਸ਼ ਦੇ ਸਕਾਰਾਤਮਕ ਰੁਝਾਨਾਂ ਨਾਲ ਵੀ ਸੋਨੇ 'ਚ ਤੇਜ਼ੀ ਆਈ।

ਨਿਊਯਾਰਕ 'ਚ ਸੋਨਾ ਮਜ਼ਬੂਤੀ ਦੇ ਨਾਲ 1,294.97 ਡਾਲਰ ਪ੍ਰਤੀ ਅੌਂਸ (28.35 ਗ੍ਰਾਮ) 'ਤੇ ਕਾਰੋਬਾਰ ਕਰਦੇ ਦੇਖਿਆ ਗਿਆ। ਚਾਂਦੀ ਦੀ ਕੀਮਤ ਵੀ ਵੱਧ ਕੇ 15.74 ਡਾਲਰ ਪ੍ਰਤੀ ਅੌਂਸ ਦਰਜ ਕੀਤੀ ਗਈ। ਰਾਸ਼ਟਰੀ ਰਾਜਧਾਨੀ 'ਚ 99.9 ਖਰਾ ਸੋਨਾ 270 ਰੁਪਏ ਚੜ੍ਹ ਕੇ 33,070 ਰੁਪਏ ਪ੍ਰਤੀ 10 ਗ੍ਰਾਮ ਦਾ ਅਤੇ 99.5 ਫ਼ੀਸਦੀ ਖਰਾ ਸੋਨਾ ਵੀ ਏਨਾ ਹੀ ਮਜ਼ਬੂਤ ਹੋ ਕੇ 32,920 ਰੁਪਏ ਪ੍ਰਤੀ 10 ਗ੍ਰਾਮ ਦਾ ਹੋ ਗਿਆ। ਇਸ ਤੋਂ ਪਹਿਲਾਂ ਦੇ ਤਿੰਨ ਸੈਸ਼ਨਾਂ 'ਚ ਸੋਨਾ 300 ਰੁਪਏ ਮਹਿੰਗਾ ਹੋਇਆ ਸੀ। ਅੱਠ ਗ੍ਰਾਮ ਸੋਨੇ ਦੀ ਗਿੰਨੀ ਵੀ 100 ਰੁਪਏ ਤੇਜ਼ ਹੋ ਕੇ 25,300 ਰੁਪਏ ਪ੍ਰਤੀ ਇਕ ਦੇ ਭਾਅ 'ਤੇ ਪਹੁੰਚ ਗਈ।

ਚਾਂਦੀ ਹਾਜ਼ਰ 410 ਰੁਪਏ ਮਜ਼ਬੂਤ ਹੋ ਕੇ 40,510 ਰੁਪਏ ਪ੍ਰਤੀ ਕਿਲੋ 'ਤੇ ਪਹੁੰਚ ਗਈ ਅਤੇ ਵੀਕਲੀ ਡਿਲੀਵਰੀ ਵੀ 367 ਰੁਪਏ ਚੜ੍ਹ ਕੇ 39,700 ਰੁਪਏ ਪ੍ਰਤੀ ਕਿਲੋ ਦੀ ਹੋ ਗਈ। ਚਾਂਦੀ ਦੇ ਸਿੱਕਿਆ ਪ੍ਰਤੀ ਸੈਂਕੜਾ 1,000 ਰੁਪਏ ਵੱਧ ਕੇ 78 ਹਜ਼ਾਰ ਰੁਪਏ ਵਿਕਰੀ ਦੇ ਪੱਧਰ 'ਤੇ ਪਹੁੰਚ ਗਈ।